ਸੁੰਦਰ ਸ਼ਹਿਰ ਲਡੂਕ


ਬਲਵਿੰਦਰ ਬਾਲਮ

ਉਂਜ ਤਾਂ ਕੈਨੇਡਾ ਸਾਰਾ ਹੀ ਖ਼ੂਬਸੂਰਤੀ ਨਾਲ ਭਰਪੂਰ ਸਥਾਨ ਹੈ, ਪਰ ਫਿਰ ਵੀ ਕੁਝ ਛੋਟੇ-ਛੋਟੇ ਸ਼ਹਿਰ ਉਦਯੋਗਿਕ ਨਿਰਮਾਣ ਦੇ ਨਾਲ ਨਾਲ ਆਪਣੀ ਕੁਦਰਤੀ ਖ਼ੂਬਸੂਰਤੀ ਲਈ ਵੀ ਜਾਣੇ ਜਾਂਦੇ ਹਨ। ਇਸ ਵਿਚ ਸ਼ਹਿਰ ਲਡੂਕ ਵੀ ਸ਼ਾਮਲ ਹੈ।

ਅਲਬਰਟਾ ਰਾਜ ਤਹਿਤ ਆਉਂਦਾ ਲਡੂਕ ਸ਼ਹਿਰ ਤੇਲ ਖੋਜ ਕੇਂਦਰ ਅਤੇ ਤੇਲ ਸ਼ੁੱਧਤਾ ਦਾ ਉਦਯੋਗਿਕ ਕੇਂਦਰ ਹੈ। ਇੱਥੇ ਤੇਲ ਦੀਆਂ ਅਨੇਕ ਰਿਫਾਇਨਰੀਆਂ ਕਾਰਜਸ਼ੀਲ ਹਨ ਜੋ ਅਨੇਕ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਂਦੀਆਂ ਹਨ। ਲਡੂਕ ਵਿਖੇ ਤੇਲ ਦੀ ਖੋਜ ਅਲਬਰਟਾ ਲਈ ਇਕ ਨਵਾਂ ਯੁੱਗ ਲੈ ਕੇ ਆਈ ਸੀ। ਐਡਮਿੰਟਨ ਅਤੇ ਕੈਲਗਰੀ ਦੇ ਵਿਚਕਾਰ ਇਕ ਮੁੱਖ ਕੇਂਦਰ ਦੇ ਤੌਰ ’ਤੇ ਲਡੂਕ ਲਗਾਤਾਰ ਉੱਭਰ ਰਿਹਾ ਹੈ ਅਤੇ ਇਸ ਖੇਤਰ ਵਿਚ ਖੁਸ਼ਹਾਲੀ ਲਿਆ ਰਿਹਾ ਹੈ। ਹਾਲਾਂਕਿ ਇਹ 13 ਫਰਵਰੀ 1947 ਤਕ ਇਵੇਂ ਨਹੀਂ ਸੀ। ਜਦੋਂ ਤੇਲ ਦੀ ਪਹਿਲੀ ਵਾਰ ਲਡੂਕ ਨੰਬਰ ਇਕ ’ਤੇ ਖੋਜ ਕੀਤੀ ਗਈ, ਉਦੋਂ ਹੀ ਇਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਇਹ ਖੋਜ ਲਡੂਕ ਅਤੇ ਅਲਬਰਟਾ ਲਈ ਵੱਡੀ ਆਰਥਿਕ ਕ੍ਰਾਂਤੀ ਦੀ ਸ਼ੁਰੂਆਤ ਸੀ। ਇਸ ਨੇ ਅਲਬਰਟਾ ਨੂੰ ਪ੍ਰਮੁੱਖ ਤੌਰ ’ਤੇ ਪੇਂਡੂ ਅਤੇ ਖੇਤੀਬਾੜੀ ਪ੍ਰਾਂਤ ਤੋਂ ਤੇਲ ਅਤੇ ਗੈਸ ਉਦਯੋਗ ਦੇ ਪ੍ਰਭਾਵ ਅਧੀਨ ਸ਼ਹਿਰੀ ਆਰਥਿਕਤਾ ਵਿਚ ਬਦਲ ਦਿੱਤਾ। ਹੁਣ ਇਹ ਇਲਾਕਾ ਤੇਲ ਅਤੇ ਖੇਤੀਬਾੜੀ ਦੀ ਤਰੱਕੀ ਲਈ ਵਰਦਾਨ ਸਾਬਤ ਹੋ ਚੁੱਕਿਆ ਹੈ।

ਇਸ ਸਥਾਨ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਇਸ ਦੀ ਸਥਾਪਨਾ 1891 ਵਿਚ ਹੋਈ, ਜਦੋਂ 1889 ਵਿਚ ਰੌਬਰਟ ਟੈਲਫਰਡ ਨਾਂ ਦੇ ਵਿਅਕਤੀ ਨੇ ਇਕ ਝੀਲ ਦੇ ਨਜ਼ਦੀਕ ਜ਼ਮੀਨ ਖ਼ਰੀਦੀ ਅਤੇ ਉਹ ਉੱਥੇ ਸੈੱਟ ਹੋ ਗਏ। ਬਾਅਦ ਵਿਚ ਇਸ ਝੀਲ ਦਾ ਨਾਂ ਉਨ੍ਹਾਂ ਦੇ ਨਾਂ ’ਤੇ ‘ਟੈਲਫਰਡ ਲੇਕ’ ਪੈ ਗਿਆ। ਇਸ ਜ਼ਮੀਨ ’ਤੇ ਨਵੀਂ ਬਸਤੀ ਬਣ ਗਈ। ਟੈਲਫਰਡ ਨੇ ਸਟੇਜਕੋਚ ਲਾਈਨ ਲਈ ਇੱਥੇ ਇਕ ਸਟਾਪੇਜ਼ ਸਥਾਪਿਤ ਕੀਤਾ ਜਿਸ ਨੇ 1889 ਵਿਚ ਕੈਲਗਰੀ ਨੂੰ ਐਡਮਿੰਟਨ ਨਾਲ ਜੋੜਿਆ। ਬਾਅਦ ਵਿਚ ਇਸ ਸਥਾਨ ਨੂੰ ਟੈਲਫਰਡ ਪਲੇਸ ਵਜੋਂ ਜਾਣਿਆ ਜਾਣ ਲੱਗਾ। ਇਹ ਜ਼ਮੀਨ ਨਵੇਂ ਕਸਬੇ ਦਾ ਆਧਾਰ ਬਣ ਗਈ। ਸ਼ੁਰੂਆਤੀ ਸਾਂਝਾਂ ਦੌਰਾਨ ਰੌਬਰਟ ਪਹਿਲੇ ਪੋਸਟ ਮਾਸਟਰ ਤੇ ਪਹਿਲੇ ਵਪਾਰੀ ਬਣੇ। ਉਸ ਤੋਂ ਬਾਅਦ ਇਨ੍ਹਾਂ ਨੇ ਭਾਈਚਾਰੇ ਦੇ ਮੇਅਰ ਅਤੇ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ।

ਦਰਅਸਲ, ਇਸ ਸ਼ਹਿਰ ਦੇ ਨਾਂ ਸਬੰਧੀ ਦੋ ਧਾਰਨਾਵਾਂ ਪਾਈਆਂ ਜਾਂਦੀਆਂ ਹਨ, ਜਦੋਂਕਿ ਦੋਵੇਂ ਸੱਚੀਆਂ ਵੀ ਹਨ। ਟੈਲਫਰਡ ਲਡੂਕ ਵੱਲੋਂ ਇੱਥੇ ਵਸੇਬਾ ਕਰਨ ’ਤੇ ਇਸ ਨੂੰ ਲਡੂਕ ਨਾਂ ਦੇਣ ਤੋਂ ਇਲਾਵਾ 1886 ਵਿਚ ਜਦੋਂ ਮਕੈਨਿਲੀ ਨੇ ਇੱਥੇ ਟੈਲੀਗ੍ਰਾਫ਼ ਦਫ਼ਤਰ ਖੋਲ੍ਹਿਆ ਤਾਂ ਉਸ ਦਾ ਨਾਂ ਉੱਥੇ ਆਉਣ ਵਾਲੇ ਪਹਿਲੇ ਵਿਅਕਤੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ। ਇਸ ਦਫ਼ਤਰ ਵਿਚ ਆਉਣ ਵਾਲੇ ਪਹਿਲੇ ਵਿਅਕਤੀ ਸਨ ਫਾਦਰ ਹਿਪੋਲਾਈਟ ਲਡੂਕ, ਜਿਹੜੇ ਉਸ ਖੇਤਰ ਵਿਚ 1867 ਤੋਂ ਪਾਦਰੀ ਦੀਆਂ ਸੇਵਾਵਾਂ ਨਿਭਾ ਰਹੇ ਸਨ। ਲਡੂਕ ਦੀ ਮਿਊਂਸਪੈਲਿਟੀ ਨੂੰ 15 ਦਸੰਬਰ 1899 ਨੂੰ ਆਰਥਿਕ ਤੌਰ ’ਤੇ ਲਡੂਕ ਪਿੰਡ ਵਜੋਂ ਸ਼ਾਮਲ ਕੀਤਾ ਗਿਆ ਅਤੇ 15 ਦਸੰਬਰ 1906 ਨੂੰ ਇਸ ਨੂੰ ਸ਼ਹਿਰ ਦਾ ਦਰਜਾ ਪ੍ਰਾਪਤ ਹੋਇਆ।

ਅੱਜ ਲਡੂਕ ਅਨੇਕਾਂ ਲੋਕਾਂ ਦਾ ਇਕ ਸੰਪੂਰਨ ਭਾਈਚਾਰਾ ਹੈ। ਇਹ ਸ਼ਹਿਰ ਬਿਲਕੁਲ ਅਲਬਰਟਾ ਦੀ ਮੁੱਖ ਸੜਕ ਅਤੇ ਰੇਲ ਸੰਪਰਕਾਂ ਦੇ ਨਾਲ ਸਥਿਤ ਹੈ। ਇਹ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਸਥਿਤ ਹੈ। ਲਡੂਕ ਇਕ ਵੰਡ ਸੈਂਟਰ ਹੈ ਜੋ ਤੇਲ ਉਤਪਾਦਨ ਨਾਲ ਜੁੜਿਆ ਹੋਇਆ ਹੈ। ਲਡੂਕ ਵਿਖੇ ਇਸ ਦੀ ਪ੍ਰਾਚੀਨਤਾ ਅਤੇ ਸੱਭਿਆਚਾਰਕ ਦਿਖ ਨੂੰ ਸੰਭਾਲਣ ਵਜੋਂ ਇੱਥੇ ਇਕ ਕੋਰਟ ਆਫ਼ ਆਰਟਸ ਸੈਂਟਰ ਹੈ ਜਿੱਥੇ ਪ੍ਰਾਚੀਨ ਚੀਜ਼ਾਂ ਦੀ ਸੰਭਾਲ ਕੀਤੀ ਗਈ ਹੈ। ਇਸ ਇਲਾਕੇ ਵੱਲ ਕਣਕ, ਸਰ੍ਹੋਂ ਅਤੇ ਜੰਗਲੀ ਗੁਲਾਬਾਂ ਦੀ ਭਰਮਾਰ ਪਾਈ ਜਾਂਦੀ ਹੈ। ਇੱਥੇ ਵੇਖਣਯੋਗ ਸਥਾਨ ਹਨ ਸਟੋਨ ਬੋਰਨ ਗਾਰਡਨ, ਖ਼ੂਬਸੂਰਤ ਸੁਵਿਧਾਮਈ ਪਾਰਕ, ਸੱਭਿਆਚਾਰਕ ਆਰਟ ਗੈਲਰੀ, ਟੈਲਫਰਡ ਅਤੇ ਅਨੇਕਾਂ ਹੋਰ ਝੀਲਾਂ ਜਿੱਥੇ ਹਰ ਤਰ੍ਹਾਂ ਦੀ ਸੈਰ ਸਪਾਟਾ ਸਹੂਲਤ ਹੈ। ਝੀਲਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਇੰਜਣ ਅਤੇ ਗ਼ੈਰ ਇੰਜਣ ਬੇੜੀਆਂ ਬੱਚਿਆਂ ਦੇ ਮਨ ਨੂੰ ਮੋਹ ਲੈਂਦੀਆਂ ਹਨ। ਚਾਰ ਚੁਫੇ਼ੇਰੇ ਦਾ ਨੀਮ ਪਹਾੜੀ ਦ੍ਰਿਸ਼ ਅੱਖਾਂ ਨੂੰ ਹੀ ਨਹੀਂ ਤਨ, ਮਨ, ਰੂਹ ਨੂੰ ਸਕੂਨ ਦਿੰਦਾ ਹੈ।
ਸੰਪਰਕ: 98156-25409


Leave a Reply