ਵੈਸ਼ਨੋ ਦੇਵੀ ਮੰਦਰ ’ਚ ਭਗਦੜ; 12 ਮੌਤਾਂ

ਜੰਮੂ, 1 ਜਨਵਰੀ

ਜੰਮੂ ਕਸ਼ਮੀਰ ’ਚ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਅੱਜ ਵੱਡੇ ਤੜਕੇ ਭਗਦੜ ਮਚਣ ਕਾਰਨ 12 ਸ਼ਰਧਾਲੂਆਂ ਹਲਾਕ ਅਤੇ 16 ਹੋਰ ਜ਼ਖ਼ਮੀ ਹੋ ਗਏ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੁਝ ਲੜਕਿਆਂ ’ਚ ਮਾਮੂਲੀ ਝੜਪ ਹੋਈ ਸੀ ਅਤੇ ਕੁਝ ਸਕਿੰਟਾਂ ’ਚ ਹੀ ਉਥੇ ਭਗਦੜ ਵਾਲੇ ਹਾਲਾਤ ਬਣ ਗਏ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਫੌਰੀ ਹਰਕਤ ’ਚ ਆਇਆ ਅਤੇ ਭੀੜ ਨੂੰ ਸ਼ਾਂਤ ਕੀਤਾ ਪਰ ਉਸ ਸਮੇਂ ਤੱਕ ਜਾਨੀ ਨੁਕਸਾਨ ਹੋ ਚੁੱਕਾ ਸੀ। ਭਗਦੜ ਵੱਡੇ ਤੜਕੇ ਕਰੀਬ ਢਾਈ ਵਜੇ ਗੇਟ ਨੰਬਰ ਤਿੰਨ ਨੇੜੇ ਮੱਚੀ ਸੀ। ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਾਤਾ ਵੈਸ਼ਨੋ ਦੇਵੀ ਨਾਰਾਇਣ ਸੁਪਰਸਪੈਸ਼ਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਇਕ ਸ਼ਰਧਾਲੂ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਮੰਦਰ ’ਚ ਲੋਕਾਂ ਦੀ ਭਾਰੀ ਭੀੜ ਸੀ ਅਤੇ ਫਰਸ਼ ’ਤੇ ਸੁੱਤੇ ਪਏ ਕੁਝ ਲੋਕ ਦਰੜੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ’ਚ ਉੱਤਰ ਪ੍ਰਦੇਸ਼ ਦੇ ਅਰੁਣ ਪ੍ਰਤਾਪ ਸਿੰਘ (30), ਧਰਮਵੀਰ ਸਿੰਘ (35), ਵਿਨੀਤ ਕੁਮਾਰ (38), ਮੋਨੂ ਸ਼ਰਮਾ (32), ਮਹਿੰਦਰ ਗੌੜ (26), ਨਰਿੰਦਰ ਕਸ਼ਯਪ (40) ਤੇ ਸ਼ਮਤਾ ਸਿੰਘ (35), ਹਰਿਆਣਾ ਦੀ ਮਮਤਾ (38), ਦਿੱਲੀ ਦੇ ਵਿਨੈ ਕੁਮਾਰ (24), ਅਕਸ਼ੈ ਕੁਮਾਰ (29) ਤੇ ਸੋਨੂ ਪਾਂਡੇ (24) ਅਤੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਧੀਰਜ ਕੁਮਾਰ (26) ਸ਼ਾਮਲ ਹਨ। ਪੰਜਾਬ ਦਾ ਇਕ ਨੌਜਵਾਨ ਸੁਮਿਤ ਵੀ ਜ਼ਖ਼ਮੀ ਹੋਇਆ ਹੈ ਜਿਸ ਦਾ ਹਸਪਤਾਲ ’ਚ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਥੋੜੀ ਦੇਰ ਬਾਅਦ ਹੀ ਮੰਦਰ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਨੇ ਘਟਨਾ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਾਦਸੇ ਦੀ ਜਾਂਚ ਲਈ ਪ੍ਰਿੰਸੀਪਲ ਸਕੱਤਰ (ਗ੍ਰਹਿ) ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਜਿਸ ’ਚ ਜੰਮੂ ਦੇ ਏਡੀਜੀਪੀ ਅਤੇ ਡਿਵੀਜ਼ਨਲ ਕਮਿਸ਼ਨਰ ਮੈਂਬਰ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਸਮੇਤ ਕਸ਼ਮੀਰ ਦੀਆਂ ਹੋਰ ਪਾਰਟੀਆਂ ਨੇ ਵੀ ਘਟਨਾ ’ਤੇ ਅਫ਼ਸੋਸ ਜਤਾਇਆ ਹੈ। ਪੀਡੀਪੀ ਨੇ ਟਵੀਟ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਮਾੜੇ ਪ੍ਰਬੰਧਾਂ ਦੀ ਨਿਖੇਧੀ ਕੀਤੀ ਹੈ। -ਪੀਟੀਆਈ

ਕੈਪਟਨ, ਸੁਖਬੀਰ, ਕੇਜਰੀਵਾਲ, ਮਾਇਆਵਤੀ ਅਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਭਗਦੜ ਕਾਰਨ ਹੋਈਆਂ ਮੌਤਾਂ ’ਤੇ ਡੂੰਘਾ ਦੁੱਖ ਜਤਾਇਆ ਹੈ। ਕੈਪਟਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਕੇਜਰੀਵਾਲ ਅਤੇ ਖੱਟਰ ਨੇ ਵੀ ਟਵੀਟ ਕਰਕੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਾਦਸੇ ’ਚ ਵੱਡੀ ਗਿਣਤੀ ’ਚ ਮੌਤਾਂ ਹੋਣ ’ਤੇ ਉਹ ਸਦਮੇ ’ਚ ਹਨ। ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਵੀ ਟਵੀਟ ਕਰਕੇ ਹਾਦਸੇ ’ਤੇ ਦੁੱਖ ਜਤਾਇਆ ਹੈ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਘਟਨਾ ਤੋਂ ਸਬਕ ਲੈ ਕੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ। -ਪੀਟੀਆਈ

ਨਵੇਂ ਵਰ੍ਹੇ ’ਤੇ ਲੋਕਾਂ ਦੀ ਭੀੜ ਦੇ ਰੁਝਾਨ ਨਾਲ ਨਜਿੱਠਣ ਦੀ ਲੋੜ: ਜਿਤੇਂਦਰ ਸਿੰਘ

ਕਟੜਾ: ਕੇਂਦਰੀ ਮੰਤਰੀ ਜਿਤੇਂਦਰ ਸਿੰਘ ਭਗਦੜ ’ਚ 12 ਸ਼ਰਧਾਲੂਆਂ ਦੇ ਮਾਰੇ ਜਾਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਇਥੇ ਪੁੱਜੇ। ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਦੀ ਸਾਰ ਵੀ ਲਈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੇਂ ਵਰ੍ਹੇ ’ਤੇ ਵੈਸ਼ਨੋ ਦੇਵੀ ਮੰਦਰ ’ਚ ਨੌਜਵਾਨਾਂ ਦੇ ਆਉਣ ਦੇ ਰੁਝਾਨ ਨਾਲ ਨਜਿੱਠਣ ਲਈ ਨਿਵੇਕਲੇ ਕਦਮ ਉਠਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਪੁਲੀਸ ਨੇ ਢੁੱਕਵੇਂ ਪ੍ਰਬੰਧ ਕੀਤੇ ਹਨ ਪਰ ਉਹ ਸ਼ਰਧਾਲੂਆਂ ਦੀ ਸੁਰੱਖਿਆ ਲਈ ਹੋਰ ਕਦਮ ਉਠਾਉਣ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸ਼ਰਧਾਲੂ ਨਰਾਤਿਆਂ, ਦਸਹਿਰੇ ਅਤੇ ਦੀਵਾਲੀ ਵਰਗੇ ਤਿਉਹਾਰਾਂ ’ਤੇ ਆਉਂਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਨਵੇਂ ਵਰ੍ਹੇ ’ਤੇ ਮੰਦਰ ’ਚ ਦਰਸ਼ਨਾਂ ਲਈ ਆਉਣ ਦਾ ਨਵਾਂ ਰੁਝਾਨ ਸ਼ੁਰੂ ਹੋਇਆ ਹੈ। ਮੰਤਰੀ ਨੇ ਕਿਹਾ ਕਿ ਤਿਰੂਪਤੀ ਬਾਲਾਜੀ ਮੰਦਰ ’ਚ ਆਨਲਾਈਨ ਦਰਸ਼ਨ, ਆਰਤੀ ਲਈ ਐੱਲਈਡੀ ਸਕਰੀਨਾਂ ਅਤੇ ਹੋਰ ਕਦਮ ਪਹਿਲਾਂ ਹੀ ਅਪਣਾਏ ਜਾ ਰਹੇ ਹਨ ਅਤੇ ਬਿਹਤਰ ਪ੍ਰਬੰਧਨ ਲਈ ਇਥੇ ਵੀ ਉਨ੍ਹਾਂ ਕਦਮਾਂ ਨੂੰ ਉਠਾਇਆ ਜਾ ਸਕਦਾ ਹੈ। -ਪੀਟੀਆਈ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਨਵੇਂ ਵਰ੍ਹੇ ’ਤੇ ਵਾਪਰੀ ਇਸ ਘਟਨਾ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਨੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀਆਂ ਜਿਤੇਂਦਰ ਸਿੰਘ ਤੇ ਨਿਤਿਆਨੰਦ ਰਾਏ ਨਾਲ ਗੱਲ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਪੀਐੱਮਐੱਨਆਰਐੱਫ ’ਚੋਂ ਸਹਾਇਤਾ ਦਿੱਤੀ ਜਾਵੇਗੀ। 

ਉੱਚ ਪੱਧਰੀ ਕਮੇਟੀ ਨੇ ਜਾਂਚ ਸ਼ੁਰੂ ਕੀਤੀ

ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੈਂਗਰ ਨੇ ਕਿਹਾ ਕਿ ਭਗਦੜ ’ਚ ਮਰੇ ਚਾਰ ਵਿਅਕਤੀਆਂ ਦੀਆਂ ਦੇਹਾਂ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਏਡੀਜੀਪੀ ਮੁਕੇਸ਼ ਸਿੰਘ ਨਾਲ ਕਟੜਾ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਵੈਸ਼ਨੋ ਦੇਵੀ ਦੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਮਾੜੇ ਪ੍ਰਬੰਧਾਂ ਅਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਬਾਰੇ ਅਧਿਕਾਰੀ ਨੇ ਕਿਹਾ ਕਿ ਯਾਤਰਾ ਸਖ਼ਤ ਨੇਮਾਂ ਤਹਿਤ ਜਾਰੀ ਹੈ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਕਮੇਟੀ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੈਂਗਰ ਨੇ ਕਮੇਟੀ ਦੇ ਹੋਰ ਮੈਂਬਰਾਂ ਨਾਲ ਹਸਪਤਾਲ ਦਾ ਦੌਰਾ ਵੀ ਕੀਤਾ। -ਪੀਟੀਆਈ

Leave a Reply