ਲੰਡਨ ਦਾ ਮਰਨਾ ਵੀ ਮਹਿੰਗਾ

ਹਰਜੀਤ ਅਟਵਾਲ

ਹਰਜੀਤ ਅਟਵਾਲ

ਲੰਡਨ ਦਾ ਨਹੀਂ ਸਾਰੇ ਹੀ ਪੱਛਮੀ ਮੁਲਕਾਂ ਵਿੱਚ ਮਰਨਾ ਬਹੁਤ ਖਰਚੀਲਾ ਹੈ। ਪਿੱਛੇ ਜਿਹੇ ਕੈਨੇਡਾ ਤੋਂ ਇੱਕ ਪੰਜਾਬੀ ਭਾਈਵੰਦ ਦਾ ਵੀਡਿਓ ਵਾਇਰਲ ਹੋਇਆ ਜਿਸ ਵਿੱਚ ਉਹ ਬਜ਼ੁਰਗ ਕਿਸੇ ਨੂੰ ਪੁੱਛ ਰਿਹਾ ਹੈ ਕਿ ਕੈਨੇਡਾ ਵਿੱਚ ਮਰਨ ਉਪਰੰਤ ਫਿਊਨਰਲ ਉੱਪਰ ਕਿੰਨਾ ਖਰਚ ਆਉਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਅੱਠ-ਦਸ ਹਜ਼ਾਰ ਡਾਲਰ ਦੇ ਕਰੀਬ। ਉਹ ਡਾਲਰਾਂ ਦੇ ਰੁਪਈਏ ਬਣਾਉਂਦਾ ਹੋਇਆ ਆਖਦਾ ਹੈ ਕਿ ਏਨੇ ਵਿੱਚ ਤਾਂ ਉੱਥੇ (ਭਾਰਤ) ਭਾਵੇਂ ਸਾਰਾ ਪਿੰਡ ਫੂਕ ਲਓ। ਮੇਰੇ ਪਿਤਾ ਆਪਣੇ ਆਖਰੀ ਦਿਨਾਂ ਵਿੱਚ ਕਿਹਾ ਕਰਦੇ ਸਨ ਕਿ ਮੈਨੂੰ ਭਾਰਤ ਲੈ ਚੱਲੋ, ਉੱਥੇ ਕੋਈ ਖ਼ਰਚ ਨਹੀਂ ਆਉਣਾ, ਆਪਣੇ ਜੋਗੀਆਂ ਲੱਕੜਾਂ ਮੈਂ ਰੱਖੀਆਂ ਹੋਈਆਂ।

ਅਸੀਂ ਬਹੁਤੇ ਭਾਰਤੀ ਮ੍ਰਿਤਕ ਦੇਹ ਦਾ ਸਸਕਾਰ ਜਾਂ ਅਗਨ-ਭੇਟ ਕਰਦੇ ਹਾਂ ਜਿਸ ਨੂੰ ਅੰਗਰੇਜ਼ੀ ਵਿੱਚ ਕਰੀਮੇਟ ਕਰਨਾ ਕਹਿੰਦੇ ਹਾਂ ਤੇ ਯੂਕੇ ਭਰ ਵਿੱਚ ਥਾਂ-ਥਾਂ ਕਰੀਮੇਟਰੀਆਂ/ਕਰੇਮੇਟੋਰੀਅਮ ਬਣੇ ਹੋਏ ਹਨ। ਇਨ੍ਹਾਂ ਮੁਲਕਾਂ ਵਿੱਚ ਦੇਹ ਦਾ ਖੁੱਲ੍ਹੇਆਮ ਸਸਕਾਰ ਕਰਨ ਦੀ ਮਨਾਹੀ ਹੈ। ਸਸਕਾਰ ਦੇ ਬਰਾਬਰ ਹੀ ਮ੍ਰਿਤਕ ਦੇਹ ਨਾਲ ਨਿਪਟਣ ਦਾ ਇੱਕ ਤਰੀਕਾ ਇਸ ਨੂੰ ਦਫ਼ਨਾਉਣਾ ਵੀ ਹੈ ਜੋ ਬਹੁਤੇ ਸਾਰੇ ਧਰਮਾਂ ਵਿੱਚ ਲਾਜ਼ਮੀ ਵੀ ਹੈ। ਉਹ ਵੀ ਸਸਤਾ ਨਹੀਂ, ਜਗ੍ਹਾ ਖ਼ਰੀਦਣੀ ਪੈਂਦੀ ਹੈ, ਕਬਰ ਪੁੱਟਣੀ ਪੈਂਦੀ ਹੈ, ਦੇਹ ਨੂੰ ਕਬਰ ਤੱਕ ਲੈ ਜਾਣ ਦਾ ਖ਼ਰਚਾ ਅਲੱਗ ਹੈ। ਚਾਰ ਬੰਦਿਆਂ ਦਾ ਮੁਰਦੇ ਨੂੰ ਮੋਢਿਆਂ ’ਤੇ ਚੁੱਕ ਸੜਕੋ-ਸੜਕੀ ਕਬਰਸਤਾਨ ਜਾਣਾ ਗ਼ੈਰ-ਕਾਨੂੰਨੀ ਹੈ।

ਯੂਕੇ ਵਿੱਚ ਖੁੱਲ੍ਹੇਆਮ ਸਸਕਾਰ ਲਈ ਕਾਫ਼ੀ ਦੇਰ ਤੋਂ ਲੜਾਈ ਜਾਰੀ ਹੈ ਕਿਉਂਕਿ ਹਿੰਦੂ ਧਰਮ ਅਨੁਸਾਰ ਇਸ ਮਨੁੱਖੀ ਸਰੀਰ ਦੇ ਪੰਜਾਂ ਤੱਤਾਂ ਨੂੰ ਬ੍ਰਹਿਮੰਡ ਵਿੱਚ ਵਲੀਨ ਹੋਣਾ ਜ਼ਰੂਰੀ ਹੈ ਤੇ ਇੰਜ ਖੁੱਲ੍ਹੇ ਆਸਮਾਨ ਹੇਠ ਸਸਕਾਰ ਕਰਕੇ ਹੀ ਹੋ ਸਕਦਾ ਹੈ। ਇਸ ਬਾਰੇ ਯੂਕੇ ਦੇ ਮੰਦਿਰਾਂ ਵੱਲੋਂ ਹਾਲੇ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਹਨ।

ਪੱਛਮੀ ਸਿਸਟਮ ਦੇ ਹਿਸਾਬ ਨਾਲ ਮ੍ਰਿਤਕ ਦੇਹ ਨੂੰ ਕਰੀਮੇਟਰ ਵਿੱਚ ਅਗਨ-ਦਾਹ ਕੀਤਾ ਜਾਂਦਾ ਹੈ। ਇਸ ਕੰਪੋਨੈਂਟ ਨੂੰ ਫਰਨੈਸ ਕਹਿੰਦੇ ਹਨ। ਇਹ ਹੀਟਰ/ਬੁਆਲਿਰ ਹੈ ਜੋ ਬਹੁਤ ਜ਼ਿਆਦਾ ਹੀਟ ਪੈਦਾ ਕਰਦਾ ਹੈ। ਵੈਸੇ ਤਾਂ ਇਹ ਉਹੀ ਸਿਸਟਮ ਹੈ ਜੋ ਘਰਾਂ ਵਿੱਚ ਸੈਂਟਰਲ-ਹੀਟਿੰਗ ਲਈ ਵਰਤਿਆ ਜਾਂਦਾ ਹੈ, ਪਰ ਇਸ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਕਰੀਮੇਸ਼ਨ ਲਈ ਕਰੀਮੇਟਰ ਵਿੱਚ ਫਰਨੈਸ 871 ਡਿਗਰੀ ਤੋਂ ਲੈ ਕੇ 980 ਡਿਗਰੀ ਤੱਕ ਸੇਕ ਪੈਦਾ ਕਰਦਾ ਹੈ ਜਿਸ ਨਾਲ ਮ੍ਰਿਤਕ ਦੇਹ ਕੁਝ ਮਿੰਟਾਂ ਵਿੱਚ ਢਾਈ-ਕਿਲੋ ਅਸਥੀਆਂ ਵਿੱਚ ਬਦਲ ਜਾਂਦੀ ਹੈ। ਇੱਕ ਹਿਸਾਬ ਨਾਲ ਇਸ ਨੂੰ ਨੱਬੇ-ਮਿੰਟ ਤੱਕ ਲੱਗ ਸਕਦੇ ਹਨ, ਪਰ ਨਿੱਜੀ ਤਜਰਬਾ ਹੈ ਕਿ ਇਹ ਪੰਦਰਾਂ-ਵੀਹ ਮਿੰਟ ਵਿੱਚ ਆਪਣਾ ਕੰਮ ਕਰ ਦਿੰਦਾ ਹੈ। ਇਹ ਅਸਥੀਆਂ ਵਾਰਸਾਂ ਨੂੰ ਕੁਝ ਦਿਨ ਬਾਅਦ ਮਿਲਦੀਆਂ ਹਨ। ਇਨ੍ਹਾਂ ਕਰੀਮੇਟਰਾਂ ਲਈ ਤੇਲ, ਕੁਦਰਤੀ-ਗੈਸ, ਪਰੋਪੇਨ-ਗੈਸ ਜਾਂ ਬਿਜਲੀ ਆਦਿ ਵਰਤੀ ਜਾਂਦੀ ਹੈ। 1960 ਤੱਕ ਕੋਲਾ ਵਰਤਿਆ ਜਾਂਦਾ ਰਿਹਾ ਹੈ। ਇਸ ਚੈਂਬਰ ਵਿੱਚ ਖਾਸ ਕਿਸਮ ਦੀਆਂ ਬਿਜਲਈ ਇੱਟਾਂ ਵਰਤੀਆਂ ਜਾਂਦੀਆਂ ਹਨ ਜੋ ਏਨੇ ਸੇਕ ਦਾ ਸਾਹਮਣਾ ਕਰ ਸਕਦੀਆਂ ਹਨ। ਦੇਹ ਕਫਨ ਸਮੇਤ ਹੀ ਚੈਂਬਰ ਅੰਦਰ ਸਰਕਾਈ ਜਾਂਦੀ ਹੈ ਤਾਂ ਜੋ ਮਸ਼ੀਨ-ਚਾਲਕਾਂ ਲਈ ਹੈਲਥ-ਸੇਫਟੀ ਦਾ ਜੋਖਮ ਨਾ ਲਿਆ ਜਾਵੇ।

ਉਂਜ ਤਾਂ ਮਨੁੱਖ ਮੁੱਢ ਕਦੀਮ ਤੋਂ ਹੀ ਆਪਣੇ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਦਾ ਨਿਪਟਾਰਾ ਕਰਦਾ ਆਇਆ ਹਾਂ, ਪਰ ਇਸ ਦੇ ਢੰਗ/ਤਰੀਕਿਆਂ ਬਾਰੇ ਜਾਣਨਾ ਦਿਲਚਸਪ ਹੋਵੇਗਾ। ਦਫ਼ਨਾਉਣਾ, ਅਗਨ-ਦਾਹ ਕਰਨਾ, ਮੰਮੀਫਾਈ ਕਰਨਾ, ਚਬੂਤਰੇ ’ਤੇ ਸੁੱਟਣਾ ਜਾਂ ਅੱਧਜਲੀ ਦੇਹ ਨੂੰ ਪਾਣੀ ਵਿੱਚ ਵਹਾ ਦੇਣਾ ਵਰਗੇ ਕਿੰਨੇ ਹੀ ਤਰੀਕੇ ਰਹੇ ਹੋ ਸਕਦੇ ਹਨ। ਇੱਥੇ ਸਸਕਾਰ ਬਾਰੇ ਕੁਝ ਗੱਲ ਕਰਾਂਗੇ। ਸਸਕਾਰ ਕਰਨ ਦੇ ਸਭ ਤੋਂ ਪਹਿਲੇ ਸਬੂਤ ਸਤਾਰਾਂ ਹਜ਼ਾਰ ਸਾਲ ਪਹਿਲਾਂ ਮਿਲਦੇ ਹਨ। ਆਸਟਰੇਲੀਆ ਦੀ ਝੀਲ ਮੰਗੋ-ਲੇਕ ਵਿੱਚ ਇੱਕ ਔਰਤ ਦੇ ਸਸਕਾਰ ਦੇ ਅਵਸ਼ੇਸ਼ (ਰਿਮੇਨਜ਼) ਮਿਲਦੇ ਹਨ। ਆਰਕੌਲੌਜਿਸਟ ਇਸ ਨੂੰ ਮੰਗੋ-ਲੇਡੀ ਨਾਂ ਨਾਲ ਚੇਤੇ ਕਰਦੇ ਹਨ। ਆਰਕਿਓਲੋਜੀ ਵਿੱਚ ਸਸਕਾਰ ਲਈ ਦੋ ਟਰਮਾਂ ਵਰਤੀਆਂ ਜਾਂਦੀਆਂ ਹਨ: ਪ੍ਰਾਇਮਰੀ-ਕਰੀਮੇਟਸ਼ਨ ਤੇ ਸੈਕੰਡਰੀ-ਕਰੀਮੇਸ਼ਨ। ਪਹਿਲਾਂ ਮ੍ਰਿਤਕ ਦੇਹ ਨਾਲ ਨਿਪਟਣਾ ਤੇ ਫਿਰ ਅਸਥੀਆਂ ਨਾਲ। ਅਸਥੀਆਂ ਨੂੰ ਪਾਣੀ ਵਿੱਚ ਵਹਾਉਣਾ, ਖਿਲਾਰਨਾ ਜਾਂ ਦੱਬਣਾ ਵਰਗਾ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਇਹ ਆਪੋ-ਆਪਣੇ ਸੱਭਿਆਚਾਰ ਦੇ ਹਿਸਾਬ ਨਾਲ ਹੁੰਦਾ ਹੈ। ਪੁਰਾਣੇ ਮਿਡਲ-ਈਸਟ ਤੇ ਯੂਰਪ ਵਿੱਚ ਦਫ਼ਨਾਉਣਾ ਤੇ ਅਗਨ-ਦਾਹ ਕਰਨਾ ਦੋਵੇਂ ਤਰੀਕੇ ਪ੍ਰਚੱਲਤ ਰਹੇ ਹਨ। ਇਵੇਂ ਹੀ ਪੱਥਰ ਯੁੱਗ ਤੇ ਤਾਂਬਾ ਯੁੱਗ ਵਿੱਚ ਵੀ। ਇਹ ਹਰ ਕਲਚਰ ਦੀਆਂ ਸੀਮਾਵਾਂ/ਤਰਜੀਹਾਂ ਮੁਤਾਬਕ ਹੁੰਦਾ ਸੀ। ਪੁਰਾਣੇ ਮਿਸਰ ਵੇਲੇ ਰੂਹਾਂ ਦੀ ਬਹੁਤ ਮਹੱਤਤਾ ਹੁੰਦੀ ਸੀ। ਲੋਕ ਰੂਹਾਂ ਨਾਲ ਗੱਲਾਂ ਕਰਦੇ ਜਾਂ ਵਹਿਮ ਕਰਦੇ ਸਨ, ਇਸ ਲਈ ਮਹੱਤਵਪੂਰਨ ਲੋਕਾਂ ਨੂੰ ਮੰਮੀਫਾਈ ਕਰਕੇ ਰੱਖ ਲਿਆ ਜਾਂਦਾ ਸੀ ਕਿ ਰੂਹ ਕਦੇ ਵੀ ਆਪਣੇ ਸਰੀਰ ਵੱਲ ਮੁੜ ਸਕਦੀ ਹੈ। ਇਹ ਮੰਮੀਆਂ ਅੱਜ ਵੀ ਮਿਲਦੀਆਂ ਹਨ। ਪੁਰਾਣੇ ਯੂਨਾਨ ਸਮੇਂ ਦਾ ਲੇਖਕ ਹੈਰੋਡੋਸਟ ਲਿਖਦਾ ਹੈ ਕਿ ਬੇਬੀਲੋਨੀਅਨ ਆਪਣੀਆਂ ਲਾਸ਼ਾਂ ਨੂੰ ਬਾਮ ਲਾਉਂਦੇ ਸਨ ਤਾਂ ਜੋ ਉਨ੍ਹਾਂ ਨੂੰ ਲੰਮੇ ਸਮੇਂ ਲਈ ਰੱਖਿਆ ਜਾ ਸਕੇ। ਪੁਰਾਣੇ ਪਰਸ਼ੀਅਨ ਲਾਸ਼ਾਂ ਨੂੰ ਜਲਾਉਂਦੇ ਸਨ, ਪਰ ਜ਼ੋਰੋਆਸਰੇਨਿਜ਼ਮ ਦੇ ਫੈਲਣ ਨਾਲ ਜਲਾਉਣਾ ਬੰਦ ਕਰ ਦਿੱਤਾ ਗਿਆ।

ਯੂਰਪ ਵਿੱਚ ਡੈਨਿਊਬ ਦਰਿਆ ਦੇ ਦੁਆਲੇ ਵਸੀਆਂ ਸੱਭਿਅਤਾਵਾਂ ਵਿੱਚ ਸਸਕਾਰ ਦੀ ਪ੍ਰਥਾ ਜ਼ਿਆਦਾ ਚੱਲਦੀ ਸੀ, ਪਰ ਤਾਂਬਾ ਯੁੱਗ ਤੇ ਲੋਹਾ ਯੁੱਗ ਵਿੱਚ ਆ ਕੇ ਦਫ਼ਨਾਉਣ ਦਾ ਰੁਝਾਨ ਹਾਵੀ ਹੋਣ ਲੱਗਾ। ਯੂਨਾਨੀ ਲੇਖਕ ਹੋਮਰ (ਇਲਾਇਡ ਤੇ ਓਡੇਸੀ ਦਾ ਲੇਖਕ) ਮੁਤਾਬਕ ਸਰੀਰ ਨੂੰ ਅਗਨ-ਦਾਹ ਕਰਕੇ ਅਸਥੀਆਂ ਨੂੰ ਇੱਕ ਗੁੰਬਦ (ਤੁਮੁਲਸ) ਵਿੱਚ ਰੱਖਿਆ ਜਾਂਦਾ ਸੀ। ਉਨ੍ਹਾਂ ਵੇਲਿਆਂ ਵਿੱਚ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਮਨੁੱਖ ਅਗਨ-ਭੇਂਟ ਕਰਕੇ ਉਸ ਦੀ ਬਲੀ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਦੀਆਂ ਰੂਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਆਮ ਲੋਕਾਂ ਤੋਂ ਵਖਰਿਆਉਣ ਲਈ ਦਫ਼ਨਾਉਣ ਦਾ ਰਿਵਾਜ ਸ਼ੁਰੂ ਹੋਇਆ।

ਹਿੰਦੂ ਧਰਮ ਤਾਂ ਸ਼ੁਰੂ ਤੋਂ ਸਸਕਾਰ ਦੀ ਪ੍ਰੋੜਤਾ ਕਰਦਾ ਹੈ। ਹਿੰਦੁਸਤਾਨ ਵਿੱਚ ਚਾਰ-ਪੰਜ ਹਜ਼ਾਰ ਸਾਲ ਪੁਰਾਣੀਆਂ ਚਿਤਾਵਾਂ ਮਿਲਦੀਆਂ ਹਨ। ਰਿਗਵੇਦਾਂ ਵਿੱਚ ਮਿਲਦੇ ਹਵਾਲਿਆਂ ਵਿੱਚ ਅਗਨੀਦਾਗਦਾਹ (ਕਰੀਮੇਸ਼ਨ) ਤੇ ਅਨਅਗਨੀਦਾਗਦਾਹ (ਅਨਕਰੀਮੇਸ਼ਨ) ਦੋਵੇਂ ਹੀ ਸ਼ਾਮਲ ਹਨ। ਇਸਾਈ-ਧਰਮ ਦੇ ਫੈਲਣ ਨਾਲ ਯੂਰਪ ਵਿੱਚੋਂ ਸਸਕਾਰ ਦਾ ਪ੍ਰਚਲਨ ਖਤਮ ਹੋ ਗਿਆ। ਇਸਾਈ ਧਰਮ ਦੀਆਂ ਜੜਾਂ ਜੂਦੇਇਜ਼ਮ ਵਿੱਚ ਹਨ ਤੇ ਅੱਗੇ ਇਸਲਾਮ ਵੀ ਇਸ ਵਿੱਚੋਂ ਹੀ ਨਿਕਲਦਾ ਹੈ, ਇਨ੍ਹਾਂ ਦਾ ਸਰੀਰ ਦੇ ਮੁੜਕੇ ਜਿਉਂਦੇ ਹੋਣ ਵਿੱਚ ਯਕੀਨ ਸੀ ਸੋ ਇਹ ਦੇਹ ਨੂੰ ਨਸ਼ਟ ਕਰਨ ਦੇ ਖਿਲਾਫ਼ ਸਨ।

ਬਰਤਾਨੀਆ ਵਿੱਚ ਜਦੋਂ ਰੋਮਨਾਂ ਦਾ ਰਾਜ ਸੀ ਤਾਂ ਸਸਕਾਰ ਵੀ ਕੀਤਾ ਜਾਂਦਾ ਸੀ ਜੋ ਚੌਥੀ ਸਦੀ ਤੱਕ ਚੱਲਦਾ ਰਿਹਾ। ਪੰਜਵੀਂ-ਛੇਵੀਂ ਸਦੀ ਵਿੱਚ ਵੀ ਮੁੜਕੇ ਲਾਸ਼ਾਂ ਨੂੰ ਅਗਨ-ਭੇਂਟ ਕੀਤਾ ਜਾਣ ਲੱਗਾ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਬਰਤਾਨੀਆ ਵਿੱਚ ਕੁਝ ਲੋਕ ਬਾਹਰੋਂ ਆ ਕੇ ਵੀ ਵੱਸਣ ਲੱਗੇ ਸਨ। ਸੱਤਵੀਂ ਸਦੀ ਵਿੱਚ ਇਸਾਈ ਧਰਮ ਦੇ ਬੋਲਬਾਲੇ ਨਾਲ ਦਫ਼ਨਾਉਣਾ ਜ਼ਰੂਰੀ ਹੋ ਗਿਆ। ਸਸਕਾਰ ਕਰਨਾ ਪੂਰੇ ਯੂਰਪ ਵਿੱਚ ਹੀ ਬੈਨ ਹੋ ਗਿਆ ਸੀ ਬਲਕਿ ਸਸਕਾਰ ਕਰਨ ਦੀ ਸਜ਼ਾ ਮੌਤ ਸੀ। ਕਈ ਵਾਰ ਕੈਥੋਲਿਕ-ਅਥਾਰਿਟੀ ਵੱਲੋਂ ਮੌਤ ਦੀ ਸਜ਼ਾ-ਯਾਫਤਾ ਕੈਦੀ ਦਾ ਮਰਨ ਉਪਰੰਤ ਅਗਲੀ ਸਜ਼ਾ ਵਜੋਂ ਸਸਕਾਰ ਕੀਤਾ ਜਾਂਦਾ। ਉਨ੍ਹਾਂ ਵੇਲਿਆਂ ਵਿੱਚ ਜੌਹਨ ਵਾਈਕਲਿੱਫ ਨਾਂ ਦੇ ਬੰਦੇ ਨੇ ਜਦੋਂ ਇਸਾਈ ਧਰਮ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਮਰਨ ਉਪਰੰਤ ਸਸਕਾਰ ਕੀਤਾ ਗਿਆ ਸੀ ਤੇ ਉਸ ਦੀਆਂ ਅਸਥੀਆਂ ਦਰਿਆ ਵਿੱਚ ਸੁੱਟੀਆਂ ਗਈਆਂ ਸਨ ਤਾਂ ਜੋ ਉਹ ਮੁੜ ਕੇ ਨਾ ਜੰਮ ਸਕੇ। ਜੋ ਵੀ ਕਾਨੂੰਨ ਸੀ, ਪਰ ਬਹੁਤ ਸਾਰੇ ਲੋਕ ਮ੍ਰਿਤਕ ਦੇਹ ਨੂੰ ਦਫ਼ਨਾਉਣ ਨਾਲੋਂ ਸਸਕਾਰ ਦੇ ਹੱਕ ਵਿੱਚ ਸਨ। ਸਰ ਥੌਮਸ ਬਰਾਊਨ ਨਾਂ ਦਾ ਬੰਦਾ ਸਭ ਤੋਂ ਪਹਿਲਾਂ 1658 ਵਿੱਚ ਖੁੱਲ੍ਹ ਕੇ ਸਸਕਾਰ ਦੇ ਹੱਕ ਵਿੱਚ ਸਾਹਮਣੇ ਆਇਆ। ਹੌਨੋਰੈਟਾ ਬਰੁੱਕ ਪਰੈਟ ਨਾਂ ਦੀ ਪਹਿਲੀ ਔਰਤ ਹੋਈ ਹੈ ਜਿਸ ਦਾ ਕਾਨੂੰਨੀ ਸਸਕਾਰ ਕੀਤੇ ਜਾਣ ਦਾ ਰਿਕਾਰਡ ਮਿਲਦਾ ਹੈ। ਉਸ ਦੀਆਂ ਅਸਥੀਆਂ ਲੰਡਨ ਦੇ ਹੈਨਓਵਰ ਸੁਕੇਅਰ ਵਿੱਚ ਦਫ਼ਨਾਈਆਂ ਗਈਆਂ।

ਪੂਰੇ ਯੂਰਪ ਵਿੱਚ 1870 ਵਿੱਚ ਸਸਕਾਰ ਦੇ ਹੱਕ ਵਿੱਚ ਇੱਕ ਲਹਿਰ ਸ਼ੁਰੂ ਹੋ ਗਈ ਸੀ। ਇਸ ਲਹਿਰ ਦੇ ਹੱਕ ਵਿੱਚ ਭੁਗਤਦੇ ਲੋਕ ਮਿਆਸਮਾ-ਥਿਊਰੀ ਦਾ ਸਹਾਰਾ ਲੈਂਦੇ ਸਨ ਕਿ ਛੂਤ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਸਸਕਾਰ ਵਧੀਆ ਸਾਧਨ ਹੈ। ਬਹੁਤ ਸਾਰੇ ਬੁੱਧੀਜੀਵੀ ਇਸ ਦੇ ਹੱਕ ਵਿੱਚ ਸਨ। 1869 ਵਿੱਚ ਫਲੋਰੈਂਸ ਸ਼ਹਿਰ ਵਿੱਚ ਇੰਟਰਨੈਸ਼ਨਲ ਮੈਡੀਕਲ ਕਾਂਗਰਸ ਹੋਈ ਜਿਸ ਵਿੱਚ ਦੋ ਪ੍ਰੋਫੈਸਰ ਕਲੋਟੀ ਤੇ ਕਸਟੀ ਗਲਿਓਨੀ ਨੇ ਪਬਲਿਕ ਹੈਲਥ ਸਿਵਿਲਾਈਜ਼ੇਸ਼ਨ ਦੇ ਨਾਂ ’ਤੇ ਸਸਕਾਰ ਦੇ ਹੱਕ ਵਿੱਚ ਭਾਸ਼ਨ ਦਿੱਤੇ। 1873 ਵਿੱਚ ਵਿਆਨਾ ਵਿੱਚ ਇਸੇ ਸਬੰਧ ਵਿੱਚ ਇੱਕ ਕਾਨਫਰੰਸ ਹੋਈ ਜਿਸ ਵਿੱਚ ਪ੍ਰੋਫੈਸਰ ਪਾਓਲੋ ਗੋਰਿਨੀ ਨੇ ਕਰੀਮੇਟਰ/ਫਰਨੈਸ ਦਾ ਨਮੂਨਾ ਪੇਸ਼ ਕੀਤਾ ਜਿਸ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ। 1850 ਵਿੱਚ ਸਰ ਚਾਰਲਸ ਵਿਲੀਅਮ ਸੀਮਨ ਨੇ ਲੋਹੇ ਤੋਂ ਸਟੀਲ ਬਣਾਉਣ ਦੀ ਵਿਧੀ ’ਤੇ ਕੰਮ ਕਰਦਿਆਂ ਸੇਕ ਨੂੰ ਬਿਨਾਂ ਨੁਕਸਾਨ ਦੇ ਵਧਾ ਕੇ ਉੱਪਰਲੀ ਡਿਗਰੀ ਵਿੱਚ ਲੈ ਜਾਣ ਦਾ ਤਰੀਕਾ ਅਪਣਾਇਆ। 1874 ਵਿੱਚ ਚਾਰਲਸ ਵੈਂਟਵਰਥ ਡਿਲਕ ਨੇ ਆਪਣੀ ਪਤਨੀ ਦੇ ਸਰੀਰ ਦਾ ਇਸੇ ਵਿਧੀ ਨਾਲ ਸਸਕਾਰ ਕੀਤਾ। ਇਹ ਸਸਤਾ ਵੀ ਸੀ, ਵਕਤ ਵੀ ਘੱਟ ਲੱਗਦਾ ਸੀ, ਸਿਹਤ ਲਈ ਵੀ ਢੁੱਕਵਾਂ ਸੀ। ਇਸ ਵੇਲੇ ਤੱਕ ਮੌਜੂਦਾ ਕਰੀਮੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਸੀ। ਕਰੀਮੇਟਰ ਜਾਂ ਫਰਨੈਸ ਹੋਂਦ ਵਿੱਚ ਆ ਚੁੱਕਾ ਸੀ। ਪਹਿਲਾ ਕਰੇਟੋਰੀਅਮ ਜਾਂ ਸਸਕਾਰ ਘਰ ਇਟਲੀ ਦੇ ਸ਼ਹਿਰ ਮਿਲਾਨ ਵਿੱਚ 1876 ਵਿੱਚ ਬਣਿਆ ਜੋ 1992 ਤੱਕ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇੰਗਲੈਂਡ ਦੇ ਸ਼ਹਿਰ ਵੋਕਿੰਗ ਵਿੱਚ ਸਸਕਾਰ ਘਰ ਖੋਲ੍ਹਿਆ ਗਿਆ। ਵੋਕਿੰਗ ਵਿੱਚ ਸਭ ਤੋਂ ਪਹਿਲਾ ਸਸਕਾਰ ਉਸ ਵੇਲੇ ਦੀ ਪ੍ਰਸਿੱਧ ਲੇਖਕਾ ਤੇ ਸਾਇੰਸਦਾਨ ਜੈਨਟ ਪਿਕਰਜ਼ਗਿਲ ਦਾ ਕੀਤਾ ਗਿਆ। ਡਾਕਟਰ ਹੈਨਰੀ ਥੌਮਸਨ ਨੇ ਵਿਆਨਾ ਵਾਲੀ ਕਾਨਫਰੰਸ ਵਿੱਚ ਭਾਗ ਲਿਆ ਸੀ ਤੇ ਉਸ ਨੇ ਪਾਓਲੋ ਗੋਰਿਨੀ ਦੇ ਬਣਾਏ ਕਰੀਮੇਟਰ ਨੂੰ ਇੰਗਲੈਂਡ ਵਿੱਚ ਲੈ ਕੇ ਆਂਦਾ। ਇਨ੍ਹਾਂ ਨੂੰ ਸਥਾਪਤ ਕਰਨ ਲਈ ਗੋਰਿਨੀ ਆਪ ਇੰਗਲੈਂਡ ਆਇਆ ਤੇ ਮਰੇ ਹੋਏ ਇੱਕ ਘੋੜੇ ਨੂੰ ਲੂਹ ਕੇ ਤਜਰਬਾ ਕੀਤਾ ਗਿਆ।

ਬਰਤਾਨੀਆ ਦੇ ਉਸ ਵੇਲੇ ਦੇ ਹੋਮ ਮਨਿਸਟਰ ਰਿਚਰਡ ਕਰੌਸ ਨੇ ਇਸ ਦਾ ਵਿਰੋਧ ਕੀਤਾ। 1884 ਵਿੱਚ ਇੱਕ ਵੈਲਸ਼ ਪਾਦਰੀ ਵਿਲੀਅਮ ਪ੍ਰਾਈਸ ਨੇ ਇਸ ਵਿਧੀ ਨਾਲ ਆਪਣੇ ਬੱਚੇ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੜਿਆ ਗਿਆ। ਕੋਰਟ ਵਿੱਚ ਕੇਸ ਚੱਲਿਆ ਤਾਂ ਪਾਦਰੀ ਕੇਸ ਜਿੱਤ ਗਿਆ। ਇਸ ਤੋਂ ਬਾਅਦ ਕਰੀਮੇਸ਼ਨ ਸੁਸਾਇਟੀ ਬਣ ਗਈ ਤੇ ਥਾਂ-ਥਾਂ ਸਸਕਾਰ ਘਰ ਖੁੱਲ੍ਹਣ ਲੱਗੇ। ਬਰਤਾਨੀਆ ਵਿੱਚ ਇਸਾਈ ਧਰਮ ਦੀਆਂ ਦੋ ਸ਼ਾਖਾਵਾਂ ਹਨ, ਕੈਥੋਲਿਕ ਤੇ ਪਰੋਟੈਸਟੈਂਟ। ਪਰੋਟੈਸਟੈਂਟਾਂ ਦਾ ਸਸਕਾਰ ਪ੍ਰਤੀ ਰਵੱਈਆ ਨਰਮ ਰਿਹਾ ਹੈ, ਪਰ ਕੈਥੋਲਿਕਾਂ ਨੇ ਇਸ ਉੱਪਰ ਪ੍ਰਤੀਬੰਧ ਲਾ ਦਿੱਤਾ ਸੀ। ਪਰੋਟੈਸਟੈਂਟ ਸ਼ਾਖਾ ਨੇ ਸਸਕਾਰ ਦੀ ਇਜਾਜ਼ਤ ਦੇ ਦਿੱਤੀ ਸੀ, ਬਸ਼ਰਤੇ ਕਿ ਅਸਥੀਆਂ ਦਫ਼ਨਾਈਆਂ ਜਾਣ, ਜਾਂ ਖਾਸ ਥਾਂ ਸਾਂਭੀਆਂ ਜਾਣ। 1905 ਵਿੱਚ ਵੈਸਟਰਨ ਐਬੇ ਚਰਚ ਨੇ ਅਸਥੀਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। 1911 ਵਿੱਚ ਇਨ੍ਹਾਂ ਲਈ ਵੱਖਰੀ ਜਗ੍ਹਾ ਬਣਾਈ ਗਈ।

ਇਸ ਵੇਲੇ ਹਰ ਸ਼ਹਿਰ ਵਿੱਚ ਕਰੇਮੇਟੋਰੀਅਮ ਹਨ। ਇਨ੍ਹਾਂ ਨੂੰ ਵੈਨਿਊ ਵਾਂਗ ਬਣਾ ਦਿੱਤਾ ਗਿਆ ਹੈ ਤਾਂ ਜੋ ਫਿਊਨਰਲ ਦੀਆਂ ਰਸਮਾਂ ਵੀ ਨਿਭਾਈਆਂ ਜਾ ਸਕਣ। ਏਨਾ ਕੁਝ ਹੋ ਜਾਣ ਦੇ ਬਾਵਜੂਦ ਬਰਤਾਨੀਆ ਵਿੱਚ ਮ੍ਰਿਤਕ ਦੇਹ ਨੂੰ ਦਫ਼ਨਾਉਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਹੁਣ ਭਾਰਤੀ-ਨੇਪਾਲੀ ਲੋਕਾਂ ਨੇ ਜਾਂ ਸਸਕਾਰ ਵਿੱਚ ਯਕੀਨ ਰੱਖਣ ਵਾਲਿਆਂ ਨੇ ਕਰੇਟੋਰੀਅਮਾਂ ਵਿੱਚ ਭੀੜ ਵਧਾ ਦਿੱਤੀ ਹੈ, ਇੱਥੇ ਵਾਰੀ ਲਈ ਲੰਮੀਆਂ ਲਾਈਨਾਂ ਹਨ। ਉਨ੍ਹਾਂ ਵੱਲ ਦੇਖ ਕੇ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਪਾਸੇ ਰੁਚਿਤ ਹੋ ਰਹੇ ਹਨ।

ਲੋਕਾਂ ਦਾ ਆਪਣੇ ਪਿੰਡ/ਸ਼ਹਿਰ ਦੇ ਕਬਰਾਂ/ਸਿਵਿਆਂ ਨਾਲ ਅਜੀਬ ਜਿਹਾ ਰਿਸ਼ਤਾ ਪੈਦਾ ਹੋ ਜਾਂਦਾ ਹੈ। ਮੇਰੇ ਵਰਗੇ ਜਿਹੜੇ ਲੋਕ ਚਾਰ-ਪੰਜ ਦਹਾਕਿਆਂ ਤੋਂ ਇਨ੍ਹਾਂ ਮੁਲਕਾਂ ਵਿੱਚ ਰਹਿੰਦੇ ਹਨ ਉਨ੍ਹਾਂ ਨਾਲ ਵੀ ਇੰਜ ਹੀ ਹੁੰਦਾ ਹੈ। ਮੇਰਾ ਹੈਨਵਰਥ-ਕਰੇਟੋਰੀਅਮ ਨਾਲ ਬਹੁਤ ਨੇੜਲਾ ਨਾਤਾ ਹੈ। ਇੱਥੇ ਮੇਰੇ ਪਿਤਾ, ਭਰਾ, ਸੱਸ, ਸਹੁਰਾ ਸਮੇਤ ਹੋਰ ਸੈਂਕੜੇ ਦੋਸਤ, ਰਿਸ਼ਤੇਦਾਰ ਤੇ ਜਾਣਕਾਰਾਂ ਦਾ ਸਸਕਾਰ ਹੋਇਆ ਹੈ। ਇਸ ਕਰੇਟੋਰੀਅਮ ਦੀਆਂ ਖਿੜਕੀਆਂ, ਬੈਂਚਾਂ, ਦਰਵਾਜ਼ਿਆਂ ਆਦਿ ਨਾਲ ਅਜੀਬ ਜਿਹਾ ਨੇੜ ਹੈ।

ਲੰਡਨ ਵਿੱਚ ਮਰਨ ਦੇ ਖ਼ਰਚ ਨੂੰ ਟੁਕੜੇ-ਟੁਕੜੇ ਕਰਕੇ ਦੇਖਿਆ ਜਾਵੇ ਤਾਂ ਇਹ ਬਹੁਤੇ ਨਹੀਂ ਹਨ। ਇਸ ਖ਼ਰਚੇ ਨੂੰ ਸਹਿਜੇ ਹੀ ਘਟਾਇਆ-ਵਧਾਇਆ ਜਾ ਸਕਦਾ ਹੈ। ਫਿਊਨਰਲ ਦਾ ਦਿਨ ਸਪਤਾਹ-ਅੰਤ ਹੋਵੇ ਤਾਂ ਹੋਰ ਮਹਿੰਗਾ ਹੁੰਦਾ ਹੈ, ਕਿੰਨੀਆਂ ਕਾਰਾਂ ਲੈਣੀਆਂ ਹਨ ਇਹ ਵੀ ਮਾਅਨੇ ਰਖਾਉਂਦਾ ਹੈ, ਦੇਹ ਨੂੰ ਘਰ ਲਿਆਉਣਾ ਹੈ, ਗੁਰਦੁਆਰੇ ਲੈ ਜਾਣਾ ਹੈ ਆਦਿ ਵੀ ਖ਼ਰਚੇ ਵਧਾ ਦਿੰਦਾ ਹੈ, ਫੁੱਲ ਤੇ ਹੋਰ ਟੌਹਰ ਜਿੰਨੀ ਕਰਦੇ ਜਾਵੋਂ ਖ਼ਰਚੇ ਵਧਦੇ ਜਾਣਗੇ। ਜੇ ਬਹੁਤੇ ਡਰਾਮੇ ਵਿੱਚ ਯਕੀਨ ਨਾ ਹੋਵੇ ਤਾਂ ਇਹ ਜਾਇਜ਼ ਹੀ ਹੁੰਦਾ ਹੈ।

ਈ-ਮੇਲ : [email protected]

Leave a Reply