ਰੇਲਵੇ ਮੁਲਾਜ਼ਮ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਭੇਤਭਰੀ ਮੌਤ

ਸੰਤੋਖ ਗਿੱਲ
ਗੁਰੂਸਰ ਸੁਧਾਰ, 4 ਜਨਵਰੀ

ਮੁੱਖ ਅੰਸ਼

  • ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
  • ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ, ਫੋਰੈਂਸਿਕ ਟੀਮ ਵੀ ਜਾਂਚ ’ਚ ਜੁੱਟੀ

ਮੁੱਲਾਂਪੁਰ ਰੇਲਵੇ ਸਟੇਸ਼ਨ ਨੇੜੇ ਬਣੇ ਸਰਕਾਰੀ ਕੁਆਰਟਰਾਂ ਵਿੱਚ ਰਹਿੰਦੇ ਪਿੰਡ ਮੰਡਿਆਣੀ ਵਾਸੀ ਰੇਲਵੇ ਦੇ ਗੈਂਗਮੈਨ ਸੁਖਦੇਵ ਸਿੰਘ (56), ਪੁੱਤਰ ਜਗਦੀਪ ਸਿੰਘ (28), ਗਰਭਵਤੀ ਨੂੰਹ ਜੋਤੀ (26) ਅਤੇ ਮਾਸੂਮ ਪੋਤਰੀ (ਕਰੀਬ 2 ਸਾਲ) ਆਪਣੇ ਕਮਰੇ ਵਿਚ ਸੁੱਤੇ ਹੀ ਰਹਿ ਗਏ। ਸਵੇਰ ਸਾਰ ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਦੇਣ ’ਤੇ ਪਹਿਲਾਂ ਰੇਲਵੇ ਪੁਲੀਸ ਨੇ ਮੌਕਾ ਦੇਖਿਆ ਅਤੇ ਬਾਅਦ ਵਿੱਚ ਥਾਣਾ ਦਾਖਾ ਦੀ ਪੁਲੀਸ ਨੇ ਮੁਆਇਨਾ ਕੀਤਾ ਅਤੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਸੁਧਾਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀਆਂ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਦੇ ਵੱਡੇ ਪੁੱਤਰ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਅਫ਼ਸਰ ਨੇ ਦੱਸਿਆ ਕਿ ਮੌਕੇ ਤੋਂ ਕੁਝ ਖ਼ਾਲੀ ਬਰਤਨ ਵੀ ਜਾਂਚ ਲਈ ਕਬਜ਼ੇ ਵਿੱਚ ਲਏ ਗਏ ਹਨ ਅਤੇ ਫੋਰੈਂਸਿਕ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੋਮਵਾਰ ਨੂੰ ਸੁਖਦੇਵ ਸਿੰਘ ਨੇ ਆਪਣੇ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਅਤੇ ਨਾਲ ਲੱਗਦੇ ਖਾਲੀ ਕੁਆਰਟਰ ਵਿੱਚ ਘਰੇਲੂ ਸਾਮਾਨ ਰੱਖਿਆ ਗਿਆ ਸੀ। ਚਾਰ ਜੀਅ ਨਾਲ ਦੇ ਕੁਆਰਟਰ ਵਾਲੇ ਕਮਰੇ ਵਿੱਚ ਸੁੱਤੇ ਸਨ ਜਦਕਿ ਮ੍ਰਿਤਕ ਦੀ ਪਤਨੀ ਬਲਵੀਰ ਕੌਰ ਸਮੇਤ ਦੋ ਧੀਆਂ ਅਤੇ ਜਵਾਈ ਆਪਣੇ ਕੁਆਰਟਰ ਵਿੱਚ ਸੁੱਤੇ ਸਨ। ਪੁਲੀਸ ਵੱਲੋਂ ਬੇਨਤੀ ਕਰਨ ’ਤੇ ਸਰਕਾਰੀ ਹਸਪਤਾਲ ਸੁਧਾਰ ਦੇ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਟੀਮ ਦੀ ਮੁਖੀ ਡਾ. ਰੂਬਲਪ੍ਰੀਤ ਕੌਰ ਅਨੁਸਾਰ ਡਾ. ਵਰਿੰਦਰ ਜੋਸ਼ੀ ਅਤੇ ਡਾ. ਗੌਰਵ ਚੋਪੜਾ ਦੀ ਟੀਮ ਨੇ ਪੋਸਟਮਾਰਟਮ ਕੀਤਾ ਅਤੇ ਸਾਰੇ ਮ੍ਰਿਤਕਾਂ ਦਾ ਵਿਸਰਾ ਫੋਰੈਂਸਿਕ ਜਾਂਚ ਲਈ ਲੈਬ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਇਸ ਦੌਰਾਨ ਰੇਲਵੇ ਪੁਲੀਸ ਦੇ ਐੱਸਪੀ ਪ੍ਰਵੀਨ ਕਾਂਡਾ ਵੀ ਜਾਂਚ ਲਈ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਹੈ ਅਤੇ ਰੇਲਵੇ ਪੁਲੀਸ ਵੀ ਜਾਂਚ ਉੱਪਰ ਨਿਗਾਹ ਰੱਖ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਿਸੇ ਉੱਪਰ ਸ਼ੱਕ ਜ਼ਾਹਰ ਨਹੀਂ ਕੀਤਾ ਹੈ।

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਉਨ੍ਹਾਂ ਕੇਸ ਦੀ ਨਿਰਪੱਖ ਜਾਂਚ ਕਰ ਕੇ ਪਰਿਵਾਰ ਲਈ ਇਨਸਾਫ਼ ਮੰਗਿਆ।

Leave a Reply