ਬੇਅਦਬੀ: ਸ੍ਰੀ ਹਰਿਮੰਦਰ ਸਾਹਿਬ ਵਿਖੇ ਪਸ਼ਚਾਤਾਪ ਵਜੋਂ ਅਖੰਡ ਪਾਠ ਆਰੰਭ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 19 ਦਸੰਬਰ

ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਤੇ ਕੱਲ੍ਹ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਪਸ਼ਚਾਤਾਪ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਆਰੰਭ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਆਪਣੇ ਤੌਰ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਗੁਰਧਾਮਾਂ ਦੀ ਸੁਰੱਖਿਆ ਕਰਨ ਦੇ ਸਮਰੱਥ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਆਪਣੇ ਤੌਰ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ। ਇੱਥੇ ਆਉਣ ਵਾਲੇ ਸ਼ੱਕੀ ਵਿਅਕਤੀਆਂ ’ਤੇ ਨਿਗਾਹ ਰੱਖਣ ਲਈ ਵੀ ਚੌਕਸੀ ਵਧਾਈ ਜਾਵੇਗੀ। ਬੀਤੇ ਕੱਲ੍ਹ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਅਧਿਆਤਮਕ ਕੇਂਦਰ ਹੈ ਤੇ ਇਥੇ ਵਾਪਰੀ ਘਟਨਾ ਨੇ ਪੂਰੇ ਸਿੱਖ ਜਗਤ ਨੂੰ ਗਹਿਰੀ ਮਾਨਸਿਕ ਪੀੜਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪਿਛਲੇ ਸਾਜ਼ਿਸ਼ ਘਾੜਿਆਂ ਦਾ ਪਤਾ ਲਗਾਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਸੂਬੇ ਦਾ ਮਾਹੌਲ ਖਰਾਬ ਹੋਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਕਪੂਰਥਲਾ ਜ਼ਿਲ੍ਹੇ ’ਚ ਪਿੰਡ ਨਿਜ਼ਾਮਪੁਰ ਦੇ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੀ ਵੀ ਉਨ੍ਹਾਂ ਨਿਖੇਧੀ ਕੀਤੀ ਅਤੇ ਸੰਗਤ ਨੂੰ ਸੁਚੇਤ ਕਰਦਿਆਂ ਆਖਿਆ ਕਿ ਉਹ ਆਪੋ-ਆਪਣੇ ਗੁਰਦੁਆਰਿਆਂ ਅੰਦਰ ਹਰ ਸਮੇਂ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੀ ਘਟਨਾ ਦੀ ਪੜਤਾਲ ਸਿੱਖ ਸੰਸਥਾ ਵੱਲੋਂ ਵੀ ਕੀਤੀ ਜਾ ਰਹੀ ਹੈ। ਬੇਅਦਬੀ ਕਰਨ ਆਏ ਵਿਅਕਤੀ ਨੂੰ ਫੜਨ ਵਾਲੀ ਸੰਗਤ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਨਿਭਾਈ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਤਾਇਨਾਤ ਅਮਲੇ ਨੇ ਚੌਕਸੀ ਨਾਲ ਡਿਊਟੀ ਨਿਭਾਈ ਹੈ। ਪਾਠ ਕਰ ਰਹੇ ਗਿਆਨੀ ਬਲਜੀਤ ਸਿੰਘ ਬਾਰੇ ਉਨ੍ਹਾਂ ਆਖਿਆ ਕਿ ਇਸ ਔਖੇ ਸਮੇਂ ’ਤੇ ਵੀ ਉਨ੍ਹਾਂ ਮਰਯਾਦਾ ਭੰਗ ਨਹੀਂ ਹੋਣ ਦਿੱਤੀ ਤੇ ਪਾਠ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲਿਆਂ ਵਿੱਚ ਦਿਖਾਈ ਢਿੱਲ-ਮੱਠ ਦਾ ਨਤੀਜਾ ਹੈ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ।

ਸ਼੍ਰੋਮਣੀ ਕਮੇਟੀ ਨੇ ਗੁਰਧਾਮਾਂ ’ਤੇ ਚੌਕਸੀ ਵਧਾਈ

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਮੇਟੀ ਅਧੀਨ ਪੈਂਦੇ ਸਮੂਹ ਗੁਰਧਾਮਾਂ ’ਤੇ ਚੌਕਸੀ ਵਧਾ ਦਿੱਤੀ ਹੈ। ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰਲੇ ਗੁਰਦੁਆਰਿਆਂ ’ਤੇ ਵੀ ਚੌਕਸੀ ਯਕੀਨੀ ਬਣਾਉਣ ਲਈ ਕਮੇਟੀ ਗੁਰਦੁਆਰਾ ਮੈਨੇਜਰਾਂ ਤੇ ਹੋਰਨਾਂ ਨੂੰ ਵਿਸ਼ੇਸ਼ ਤਾਕੀਦਾਂ ਜਾਰੀ ਕੀਤੀਆਂ ਗਈਆਂ ਹਨ। ਇਸ ਕੜੀ ਵਜੋਂ ਕਮੇਟੀ ਮੁਲਾਜ਼ਮਾਂ ਦੀ ਹੋਰ ਭਰਤੀ ਸਮੇਤ ਡਰੋਨ ਵੀ ਖਰੀਦ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਕਾਰਜਕਾਰੀ ਮੈਂਬਰ ਸਰਜੀਤ ਸਿੰਘ ਗੜ੍ਹੀ ਤੇ ਸਤਵਿੰਦਰ ਟੌਹੜਾ ਨੇ ਸਮੂਹ ਗੁਰਧਾਮਾਂ ’ਤੇ ਚੌਕਸੀ ਵਧਾਉਣ ਦੀ ਪੁਸ਼ਟੀ ਕੀਤੀ ਹੈ। ਗੁਰਦੁਆਰਿਆਂ ਵਿੱਚ ਗੁਪਤ ਰੂਪ ’ਚ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਤੇ ਪਹਿਲਾਂ ਤੋਂ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਵਧਾਈ ਵੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਅਤੇ ਮੁੱਖ ਦਫ਼ਤਰ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਨਾਲ ਰਾਬਤਾ ਸਾਧ ਕੇ ਅਜਿਹੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਲਈ ਵੀ ਕਿਹਾ ਗਿਆ ਹੈ। ਇਸੇ ਦੌਰਾਨ ਪਟਿਆਲਾ ਸਥਿਤ ਇਤਿਹਾਸਕ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ, ਮੀਤ ਮੈਨੇਜਰ ਕਰਨੈਲ ਵਿਰਕ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਕਮੇਟੀ ਦੇ ਆਦੇਸ਼ਾਂ ’ਤੇ ਚੌਕਸੀ ਵਧਾਏ ਜਾਣ ਦੀ ਪੁਸ਼ਟੀ ਕੀਤੀ ਹੈ।

Leave a Reply