ਤਬਾਦਲੇ ਰੱਦ ਹੋਣ ਦੇ ਨਿਰਦੇਸ਼ ਉਡੀਕ ਰਹੇ ਨੇ ਬੀਡੀਪੀਓਜ਼

ਖੇਤਰੀ ਪ੍ਰਤੀਨਿਧ

ਐਸਏਐਸ ਨਗਰ (ਮੁਹਾਲੀ), 20 ਦਸੰਬਰ

ਪੰਚਾਇਤ ਵਿਭਾਗ ਦੇ ਬੀਡੀਪੀਓ ਸੱਤ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਕਰਨ ਲਈ ਅੱਜ ਸਾਰਾ ਦਿਨ ਆਪਣੇ ਤਬਾਦਲਿਆਂ ਨੂੰ ਰੱਦ ਕਰਨ ਦੇ ਨਿਰਦੇਸ਼ਾਂ ਦੀ ਉਡੀਕ ਕਰਦੇ ਰਹੇ ਪਰ ਮੁੱਖ ਮੰਤਰੀ ਨਾਲ ਮੀਟਿੰਗ ਦੇ ਬਾਵਜੂਦ ਉਨ੍ਹਾਂ ਦੀ ਹੜਤਾਲ ਜਾਰੀ ਰਹੀ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੜਤਾਲ ਕਰਨ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਡੀਪੀਓ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਇਸ ਮੌਕੇ ਬੀਡੀਪੀਓਜ਼ ਦੇ 1996 ਦੇ ਤਨਖਾਹ ਸਕੇਲਾਂ ਨੂੰ ਨਵੇਂ ਸਿਰਿਓਂ ਤੈਅ ਕਰਨ ਦੀ ਮੰਗ ਪ੍ਰਵਾਨ ਕਰਨ ਤੋਂ ਮੁੱਖ ਮੰਤਰੀ ਨੇ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਹੜਤਾਲੀ ਅਧਿਕਾਰੀਆਂ ਦੇ ਤਬਾਦਲੇ ਰੱਦ ਕਰਕੇ ਉਨ੍ਹਾਂ ਨੂੰ ਪਹਿਲਾਂ ਵਾਲੇ ਸਟੇਸ਼ਨਾਂ ’ਤੇ ਬਹਾਲ ਕਰਨ ਦਾ ਭਰੋਸਾ ਦਿਵਾਇਆ ਹੈ।

ਹੜਤਾਲ ਜਾਰੀ ਰਹੇਗੀ: ਸੂਬਾ ਪ੍ਰਧਾਨ

ਬੀਡੀਪੀਓ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਨਵਦੀਪ ਕੌਰ ਨੇ ਸੰਪਰਕ ਕਰਨ ਉੱਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਭਾਗ ਵੱਲੋਂ ਤਬਾਦਲਿਆਂ ਦੇ ਨਿਰਦੇਸ਼ ਵਾਪਸ ਲੈ ਕੇ ਪੰਚਾਇਤ ਅਫ਼ਸਰਾਂ ਤੇ ਹੋਰਨਾਂ ਨੂੰ ਦਿੱਤੇ ਚਾਰਜ ਵਾਪਸ ਲੈਣ ਲਈ ਲਿਖਤੀ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। 

Leave a Reply