ਟੈਨਿਸ: ਬੋਪੰਨਾ ਤੇ ਰਾਮਕੁਮਾਰ ਦੀ ਜੋੜੀ ਫਾਈਨਲ ’ਚ ਪੁੱਜੀ

ਐਡੀਲੇਡ, 8 ਜਨਵਰੀ

ਭਾਰਤ ਦੇ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਨੇ ਸ਼ਨਿੱਚਰਵਾਰ ਨੂੰ ਇੱਥੇ ਬੋਸਨੀਆ ਦੇ ਟੋਮੀਸਲਾਵ ਬੁਰਕਿਚ ਅਤੇ ਮੈਕਸਿਕੋ ਦੇ ਸੈਂਟਿਆਗੋ ਗੋਂਜ਼ਾਲੇਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਐਡੀਲੇਡ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲ ਦੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਖਿਡਾਰੀਆਂ ਦੀ ਜੋੜੀ ਨੇ ਬੁਰਕਿਚ ਅਤੇ ਗੋਂਜ਼ਾਲੇਜ਼ ਨੂੰ ਸਿੱਧੇ ਸੈੱਟਾਂ ਵਿਚ 6-2, 6-4 ਨਾਲ ਹਰਾਇਆ। ਇਸ ਏਟੀਪੀ 250 ਈਵੈਂਟ ਦੇ ਖ਼ਿਤਾਬੀ ਮੁਕਾਬਲੇ ਵਿੱਚ ਬੋਪੰਨਾ ਅਤੇ ਰਾਮਕੁਮਾਰ ਕ੍ਰੋਏਸ਼ੀਆ ਦੇ ਇਵਾਨ ਡੋਡਿੰਗ ਅਤੇ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨਾਲ ਭਿੜਨਗੇ। ਫਾਈਨਲ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ 41 ਸਾਲਾ ਬੋਪੰਨਾ ਅਤੇ ਡੋਡਿੰਗ ਕਈ ਵਾਰ ਜੋੜੀ ਵਜੋਂ ਖੇਡ ਚੁੱਕੇ ਹਨ। ਦੋਵੇਂ ਜਣੇ ਸਤੰਬਰ ਵਿੱਚ ਯੂਐਸ ਓਪਨ ਵਿੱਚ ਵੀ ਇਕੱਠੇ ਖੇਡੇ ਸਨ ਅਤੇ ਤੀਜੇ ਦੌਰ ਵਿੱਚ ਹਾਰ ਗਏ ਸਨ। ਏਟੀਪੀ ਟੂਰ ’ਤੇ ਪਹਿਲੀ ਵਾਰ ਜੋੜੀ ਦੇ ਤੌਰ ’ਤੇ ਖੇਡ ਰਹੇ ਬੋਪੰਨਾ ਅਤੇ ਰਾਮਕੁਮਾਰ ਲਈ ਇਹ ਟੂਰਨਾਮੈਂਟ ਹੁਣ ਤੱਕ ਚੰਗਾ ਰਿਹਾ ਹੈ।  -ਪੀਟੀਆਈ


Leave a Reply