ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਦੇ ਕਲਸ਼ ਹੁਸੈਨੀਵਾਲਾ ਲਈ ਰਵਾਨਾ

0

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 22 ਅਕਤੂਬਰ

ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਅੱਜ ਸਵੇਰੇ ਟੌਲ ਪਲਾਜ਼ਾ ਕਾਲਾਝਾੜ ਤੋਂ ਕਿਸਾਨੀ ਨਾਅਰਿਆਂ ਦੀ ਗੂੰਜ ਨਾਲ ਹੁਸੈਨੀਵਾਲਾ ਲਈ ਰਵਾਨਾ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ,ਹਰਜੀਤ ਸਿੰਘ ਮਹਿਲਾਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਲਸ਼ ਯਾਤਰਾ ਵੱਖ ਵੱਖ ਪੜਾਵਾਂ ਤੋਂ ਗੁਜ਼ਰਦੀ ਹੋਈ ਵੱਡੇ ਕਾਫਲੇ ਦੇ ਰੂਪ ਵਿੱਚ ਹੁਸੈਨੀਵਾਲਾ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਜੱਟਾਂ, ਜਗਤਾਰ ਸਿੰਘ ਲੱਡੀ, ਕਰਮ ਚੰਦ ਪੰਨਵਾਂ, ਕਸਮੀਰ ਸਿੰਘ ਆਲੋਅਰਖ ਤੇ ਕਾਫੀ ਗਿਣਤੀ ’ਚ ਕਿਸਾਨ ਹਾਜ਼ਰ ਸਨ।

ਸਿਰਸਾ(ਪ੍ਰਭੂ ਦਿਆਲ): ਲਖੀਮਪੁਰੀ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਜ਼ਿਲ੍ਹਾ ਸਿਰਸਾ ਦੇ ਏਲਨਾਬਾਦ ਵਿਧਾਨ ਸਭਾ ਦੇ ਪਿੰਡਾਂ ਵਿੱਚ ਪੁੱਜ ਗਈ ਹੈ। ਅਸਥੀ ਕਲਸ਼ ਯਾਤਰਾ ਦੀ ਅਗਵਾਈ ਕਰ ਰਹੇ ਕਿਸਾਨਾਂ ਵੱਲੋਂ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਨੁੱਕੜ ਸਭਾਵਾਂ ਤੇ ਜਲਸੇ ਕੀਤੇ ਗਏ, ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਨੂੰ ਵੋਟ ਦੀ ਸੱਟ ਨਾਲ ਹਰਾਇਆ ਜਾਏ।

ਲਖੀਮਪੁਰ ਦੇ ਸ਼ਹੀਦ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਅੱਜ ਏਲਨਾਬਾਦ ਵਿਭਾਨ ਸਭਾ ਦੇ ਪਿੰਡ ਮਾਧੋਸਿੰਘਾਣਾ, ਬਰੂਵਾਲੀ, ਜਮਾਲ, ਢੁਕੜਾ, ਗੁਡੀਆਖੇੜਾ, ਬੱਕਰੀਆਂਵਾਲੀ, ਨਿਰਬਾਣ, ਅਰਨੀਆਂਵਾਲੀ, ਰੰਧਾਵਾ, ਰੂਪਾਣਾ, ਲੁਦੇਸਰ, ਰੂਪਾਵਾਲ, ਰਾਏਪੁਰ, ਬਰਾਸਰੀ, ਕੁਤਿਆਣਾ, ਜੌੜਕਿਆਂ, ਰਾਮਪੁਰਾ ਢਿੱਲੋਂ, ਹੰਜੀਰਾ, ਨਾਥੂਸਰੀ, ਗਿਗੋਰਾਣੀ ਪਿੰਡਾਂ ’ਚੋਂ ਹੁੰਦੀ ਹੋਈ ਅਗਲੇ ਪੜ੍ਹਾਅ ਲਈ ਰਵਾਨਾ ਹੋਈ। ਇਸ ਦੌਰਾਨ ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ, ਲਖਵਿੰਦਰ ਸਿੰਘ ਔਲਖ, ਅਮਿਤ ਸਾਂਗਵਾਨ ਨੇ ਸਭਾਵਾਂ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।

 

 

Leave a Reply