ਮਹਿਬੂਬਾ ਨੇ ਸਤਪਾਲ ਮਲਿਕ ਨੂੰ 10 ਕਰੋੜ ਹਰਜਾਨੇ ਦਾ ਨੋਟਿਸ ਭੇਜਿਆ

0

ਸ੍ਰੀਨਗਰ: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਆਪਣੇ ਖ਼ਿਲਾਫ਼ ‘ਇਤਰਾਜ਼ਯੋਗ’ ਟਿੱਪਣੀ ਕਰਨ ’ਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਨੂੰ ਅੱਜ ਕਾਨੂੰਨੀ ਨੋਟਿਸ ਭੇਜ ਕੇ 10 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਮੌਜੂਦਾ ਸਮੇਂ ’ਚ ਮੇਘਾਲਿਆ ਦੇ ਰਾਜਪਾਲ ਮਲਿਕ ਨੇ ਦੋਸ਼ ਲਾਇਆ ਸੀ ਕਿ ਰੌਸ਼ਨੀ ਸਕੀਮ ਤਹਿਤ ਉਸ ਨੇ ਵੀ ਸਰਕਾਰੀ ਜ਼ਮੀਨ ਹਾਸਲ ਕੀਤੀ ਸੀ। ਮਹਿਬੂਬਾ ਦੇ ਵਕੀਲ ਅਨਿਲ ਸੇਠੀ ਨੇ ਕਾਨੂੰਨੀ ਨੋਟਿਸ ’ਚ ਕਿਹਾ ਹੈ,‘‘ਕਿੰਨੀ ਵੀ ਰਕਮ ਮੇਰੇ ਮੁਵੱਕਿਲ ਦੇ ਰੁਤਬੇ ਨੂੰ ਲਾਈ ਢਾਹ ਦੀ ਪੂਰਤੀ ਨਹੀਂ ਕਰ ਸਕਦੀ ਹੈ। ਪਰ ਤੁਹਾਡੇ (ਮਲਿਕ) ਬਿਆਨ ਕਾਰਨ ਉਨ੍ਹਾਂ (ਮਹਿਬੂਬਾ) ਦਾ ਨਾਮ ਬਦਨਾਮ ਹੋਇਆ ਹੈ ਜਿਸ ਕਾਰਨ ਮੇਰੇ ਮੁਵੱਕਿਲ ਨੇ ਤੁਹਾਡੇ ਤੋਂ ਹਰਜਾਨਾ ਵਸੂਲਣ ਦਾ ਫ਼ੈਸਲਾ ਲਿਆ ਹੈ।’’ ਨੋਟਿਸ ’ਚ ਮਲਿਕ ਨੂੰ ਕਿਹਾ ਗਿਆ ਹੈ ਕਿ ਉਹ 30 ਦਿਨਾਂ ਦੇ ਅੰਦਰ ਅੰਦਰ 10 ਕਰੋੜ ਰੁਪਏ ਅਦਾ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਨੋਟਿਸ ’ਚ ਇਹ ਵੀ ਕਿਹਾ ਗਿਆ ਹੈ ਕਿ ਹਰਜਾਨੇ ਦੀ ਰਕਮ ਮਹਿਬੂਬਾ ਨਿੱਜੀ ਲਾਹੇ ਲਈ ਨਹੀਂ ਸਗੋਂ ਲੋਕਾਂ ਦੀ ਸੇਵਾ ਲਈ ਵਰਤੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਹਿਬੂਬਾ ਨੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਮਲਿਕ ਨੂੰ ਕਿਹਾ ਸੀ ਕਿ ਉਹ ਬਿਆਨ ਵਾਪਸ ਲੈਣ। ‘ਨਹੀਂ ਤਾਂ ਮੇਰੇ ਵਕੀਲ ਕੇਸ ਕਰਨ ਲਈ ਤਿਆਰ ਹਨ।’ ਮਲਿਕ ਨੇ ਦਾਅਵਾ ਕੀਤਾ ਸੀ ਕਿ ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ, ਉਸ ਦੇ ਪੁੱਤਰ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਰੌਸ਼ਨੀ ਸਕੀਮ ਤਹਿਤ ਪਲਾਟ ਹਾਸਲ ਕੀਤੇ ਸਨ। -ਪੀਟੀਆਈ

Leave a Reply