ਭੁਲਾਵੇਂ ਅੱਖਰਾਂ ਦੀ ਸ਼ਕਤੀ

0

ਅਮਨਦੀਪ ਸਿੰਘ

ਅਮਨਦੀਪ ਸਿੰਘ

ਕਦੇ ਤੁਸੀਂ ਸੋਚਿਆ ਹੈ ਕਿ ਜਦੋਂ ਅਸੀਂ ਕੋਈ ਭਾਸ਼ਾ ਜਾਂ ਲਿਪੀ ਸਿੱਖਦੇ ਹਾਂ ਤਾਂ ਅਸੀਂ ਭੁਲਾਵੇਂ ਅੱਖਰ ਕਿਉਂ ਵਰਤਦੇ ਹਾਂ? ਇਸ ਦਾ ਕਾਰਨ ਹੈ ਤਾਂਕਿ ਅਸੀਂ ਵੱਖ-ਵੱਖ ਤਰ੍ਹਾਂ ਦੇ ਅੱਖਰ ਸਿੱਖ ਸਕੀਏ ਤੇ ਯਾਦ ਰੱਖ ਸਕੀਏ! ਜੇ ਅਸੀਂ ਵਰਣਕ੍ਰਮ ਅਨੁਸਾਰ ਸਿੱਖਣ ਦੀ ਕੋਸ਼ਿਸ਼ ਕਰਦੇ ਰਹੀਏ ਤੇ ਰੱਟਾ ਮਾਰਦੇ ਰਹੀਏ ਤਾਂ ਅਸੀਂ ਉਨ੍ਹਾਂ ਅੱਖਰਾਂ ਨੂੰ ਯਾਦ ਤਾਂ ਰੱਖ ਸਕਾਂਗੇ, ਪਰ ਸਿੱਖ ਨਹੀਂ ਸਕਾਂਗੇ। ਇਸ ਕਰਕੇ ਭੁਲਾਵੇਂ ਅੱਖਰ ਨਵੀਂ ਲਿੱਪੀ ਨੂੰ ਸਿੱਖਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਇਹ ਕਿਸੇ ਭਾਸ਼ਾ ਜਾਂ ਲਿੱਪੀ ਨੂੰ ਸਿੱਖਣਾ ਆਸਾਨ ਬਣਾਉਂਦੇ ਹਨ।

ਆਓ! ਹੁਣ ਜਾਣੀਏ, ਅਸੀਂ ਕੋਈ ਵੀ ਨਵਾਂ ਵਿਸ਼ਾ ਜਾਂ ਸੰਕਲਪ ਆਸਾਨੀ ਨਾਲ ਕਿਵੇਂ ਸਿੱਖ ਸਕਦੇ ਹਾਂ? ਜਾਂ ਫਿਰ ਕੋਈ ਕਿਤਾਬ ਪੜ੍ਹ ਕੇ ਅਸੀਂ ਉਸ ਨੂੰ ਆਸਾਨੀ ਨਾਲ ਕਿਵੇਂ ਯਾਦ ਰੱਖ ਸਕਦੇ ਹਾਂ? ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਆਮ ਜਾਣਕਾਰੀ ਵਾਸਤੇ ਕਿਤਾਬ ਪੜ੍ਹਦੇ ਹਾਂ ਤੇ ਕੁੱਝ ਚਿਰ ਬਾਅਦ ਉਸ ਨੂੰ ਭੁੱਲ ਜਾਂਦੇ ਹਾਂ। ਜੇ ਓਹੀ ਕਿਤਾਬ ਅਸੀਂ ਸਕੂਲ ਦੇ ਪਾਠਕ੍ਰਮ ਵਿੱਚ ਪੜ੍ਹੀ ਹੁੰਦੀ ਤਾਂ ਸ਼ਾਇਦ ਉਸ ਵਿੱਚੋਂ ਕੁੱਝ ਯਾਦ ਰਹਿ ਜਾਂਦਾ ਕਿਉਂਕਿ ਪਾਠਕ੍ਰਮ ਤੇ ਇਮਤਿਹਾਨ ਵਿੱਚ ਹੋਣ ਕਰਕੇ ਅਸੀਂ ਉਸ ਨੂੰ ਚੰਗੀ ਤਰ੍ਹਾਂ ਮਨ ਲਗਾ ਕੇ ਪੜਿ੍ਹਆ ਹੋਵੇਗਾ ਤੇ ਉਸ ਵਿਚਲੇ ਮਹੱਤਵਪੂਰਨ ਸੰਕਲਪ ਸਮਝਣ ਲਈ ਆਪਣੇ ਅਧਿਆਪਕ, ਜਮਾਤੀਆਂ, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਉਸ ਸਬੰਧ ਵਿੱਚ ਵਿਚਾਰ-ਚਰਚਾ ਵੀ ਕੀਤੀ ਹੋ ਸਕਦੀ ਹੈ, ਜਿਸ ਕਰਕੇ ਉਹ ਸੰਕਲਪ ਸਾਨੂੰ ਅੱਜ ਵੀ ਯਾਦ ਹੋ ਸਕਦੇ ਹਨ।

ਜੇ ਇਹੀ ਤਰੀਕਾ ਅਸੀਂ ਕਿਸੇ ਨਵੀਂ ਕਿਤਾਬ, ਸੰਕਲਪ ਜਾਂ ਕੋਈ ਖੇਡ ਸਿੱਖਣ ਲਈ ਵਰਤੀਏ ਤਾਂ ਸਹਿਜੇ ਹੀ ਅਸੀਂ ਉਸ ਨੂੰ ਸਮਝ ਸਕਦੇ ਹਾਂ, ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ ਤੇ ਉਸ ਦੇ ਮਾਹਿਰ ਜਾਂ ਮਾਸਟਰ ਬਣ ਸਕਦੇ ਹਾਂ। ਇੱਕ ਅਜਿਹਾ ਹੀ ਤਰੀਕਾ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਰਿਚਰਡ ਫੇਨਮਨ (1918-1988) ਨੇ ਵਿਕਸਤ ਕੀਤਾ ਸੀ। ਗਹਿਰੀ ਪੜ੍ਹਾਈ ਤੇ ਸਿੱਖਣ ਦੇ ਇਸ ਤਰੀਕੇ ਦੇ ਚਾਰ ਚਰਣ ਹਨ:

ਪੜ੍ਹਾਈ ਪਹਿਲਾ ਚਰਣ ਹੈ ਤੇ ਸੌਖਾ ਵੀ ਹੈ। ਤੁਹਾਨੂੰ ਸਿਰਫ਼ ਕੋਈ ਵੀ ਵਿਸ਼ਾ ਚੁਣਨਾ ਹੈ ਤੇ ਉਸ ਬਾਰੇ ਪੜ੍ਹਨਾ ਹੈ, ਪਰ ਪੜ੍ਹਦੇ ਹੋਏ ਤੁਹਾਨੂੰ ਸਿਰਫ਼ ਉਸ ਬਾਰੇ ਉਹ ਸਭ ਕੁੱਝ ਲਿਖਣਾ ਹੈ ਜੋ ਤੁਹਾਨੂੰ ਪਤਾ ਲੱਗ ਰਿਹਾ ਹੈ। ਫਿਰ ਉਸ ਨੂੰ ਮਹਤੱਵਪੂਰਨ ਭਾਗਾਂ ਵਿੱਚ ਵੰਡ ਕੇ ਸੰਪੂਰਨ ਤੌਰ ’ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਜਦੋਂ ਤੁਸੀਂ ਉਸ ਵਿਸ਼ੇ ਨੂੰ ਪੂਰਾ ਪੜ੍ਹ ਲਿਆ ਤਾਂ ਉਸ ਨੂੰ ਕਿਸੇ ਵਿਅਕਤੀ (ਖ਼ਾਸ ਤੌਰ ’ਤੇ ਬੱਚੇ ਨੂੰ) ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਕਿਸੇ ਨਿਰਜੀਵ ਚੀਜ਼ (ਪੁਤਲੇ) ਜਾਂ ਪਾਲਤੂ ਜਾਨਵਰ ਨੂੰ ਵੀ ਸਿਖਾ ਸਕਦੇ ਹੋ, ਪਰ ਕਿਸੇ ਵਿਅਕਤੀ ਜਾਂ ਬੱਚੇ ਨੂੰ ਸਿਖਾਉਣ ਵਿੱਚ ਇੱਕ ਖ਼ਾਸ ਲਾਭ ਹੈ ਕਿ ਉਹ ਤੁਹਾਨੂੰ ਉਸ ਸਬੰਧੀ ਪ੍ਰਸ਼ਨ ਪੁੱਛ ਸਕਦੇ ਹਨ। ਜਿਵੇਂ ਜਿਵੇਂ ਉਹ ਸਵਾਲ ਪੁੱਛਣਗੇ ਤੇ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਦੇ ਸਕੋਗੇ ਤਾਂ ਤੁਹਾਨੂੰ ਆਪਣੀ ਸਮਝ ਵਿੱਚ ਖਾਲੀ ਥਾਵਾਂ ਜਾਂ ਕਮਜ਼ੋਰੀਆਂ ਨਜ਼ਰ ਆਉਣਗੀਆਂ। ਜੋ ਚੰਗੀ ਗੱਲ ਹੈ ਕਿਉਂਕਿ ਤੁਸੀਂ ਦੁਬਾਰਾ ਤੋਂ ਪੜ੍ਹਾਈ ਕਰਕੇ ਉਨ੍ਹਾਂ ਖਾਲੀ ਥਾਵਾਂ ਨੂੰ ਭਰ ਸਕਦੇ ਹੋ। ਸਿਖਾਉਣ ਵਾਸਤੇ ਤੁਸੀਂ ਕਿਸੇ ਕਲਾਸ ਨੂੰ ਲੈਕਚਰ ਵੀ ਦੇ ਸਕਦੇ ਹੋ ਜਾਂ ਮਹਿਮਾਨ ਅਧਿਆਪਕ (ਸਵੈ ਸੇਵਕ – ਬਿਨਾਂ ਕਿਸੇ ਮਿਹਨਤਾਨੇ ਦੇ) ਬਣ ਕੇ ਜਾ ਸਕਦੇ ਹੋ। ਪੁਰਾਣੀ ਕਹਾਵਤ ਹੈ ਕਿ ਗਿਆਨ ਵੰਡਣ ਨਾਲ ਹੋਰ ਵਧਦਾ ਹੈ। ਇਸ ਲਈ ਇਸ ਨੂੰ ਜਿੰਨਾ ਵੰਡੋਗੇ, ਓਨਾ ਹੀ ਤੁਸੀਂ ਫਾਇਦੇ ਵਿੱਚ ਰਹੋਗੇ।

ਇਸ ਚਰਣ ਦਾ ਮਹੱਤਵ ਖਾਲੀ ਥਾਵਾਂ ਨੂੰ ਭਰਨਾ ਜਾਂ ਕਮਜ਼ੋਰੀਆਂ ਨੂੰ ਦੂਰ ਕਰਕੇ, ਉਸ ਵਿਸ਼ੇ ਬਾਰੇ ਆਪਣੀ ਸਮਝ ਨੂੰ ਮਜ਼ਬੂਤ ਕਰਨਾ ਹੈ। ਉਸ ਜਾਣਕਾਰੀ ਨੂੰ ਤਲਾਸ਼ ਕਰਨਾ ਹੈ ਜੋ ਤੁਹਾਡੀ ਰਣਨੀਤੀ ਨੂੰ ਪ੍ਰਭਾਵਸ਼ਾਲੀ ਬਣਾ ਸਕਦੀ ਹੈ ਤੇ ਤੁਸੀਂ ਉਸ ਵਿਸ਼ੇ ਦਾ ਹੋਰ ਗਹਿਰਾ ਅਧਿਐਨ ਕਰ ਸਕਦੇ ਹੋ। ਆਪਣੀਆਂ ਕਮਜ਼ੋਰੀਆਂ ਸਮਝਣ ਲਈ ਜਾਂ ਖਾਲੀ ਥਾਵਾਂ ਭਰਨ ਲਈ, ਤੁਸੀਂ ਉਸ ਵਿਸ਼ੇ ਦੇ ਪ੍ਰੈਕਟਿਸ ਟੈਸਟ ਵੀ ਹੱਲ ਕਰ ਸਕਦੇ ਹੋ। ਇਹ ਤੁਹਾਡੇ ਲਈ ਕਾਫ਼ੀ ਸਹਾਈ ਹੋਣਗੇ।

ਹੁਣ ਜਦੋਂ ਤੁਸੀਂ ਉਸ ਵਿਸ਼ੇ ਦਾ ਤਿੰਨ ਵਾਰ ਅਧਿਐਨ ਕਰ ਲਿਆ ਹੈ ਤਾਂ ਤੁਸੀਂ ਉਸ ਦੇ ਉਸਤਾਦ ਬਣ ਗਏ ਹੋ, ਪਰ ਇੰਨੀ ਜਲਦੀ ਨਹੀਂ। ਹੁਣ ਤੁਹਾਨੂੰ ਉਸ ਵਿਸ਼ੇ ਦੀ ਜਾਣਕਾਰੀ ਨੂੰ ਸੌਖਾ ਕਰਨਾ ਹੈ। ਇਹ ਚਰਣ ਔਖਾ ਵੀ ਹੈ, ਪਰ ਉਸ ਵਿਸ਼ੇ ਦੀ ਪੂਰਨ ਜਾਣਕਾਰੀ ਲੈਣ ਲਈ ਬਹੁਤ ਜ਼ਰੂਰੀ ਹੈ। ਜੇ ਤੁਸੀਂ ਉਹ ਵਿਸ਼ਾ ਸੌਖੇ ਸ਼ਬਦਾਂ ਵਿੱਚ ਕਿਸੇ ਬੱਚੇ ਨੂੰ ਜਾਂ ਆਮ ਵਿਅਕਤੀ ਦੀ ਸਿੱਧੀ ਭਾਸ਼ਾ ਵਿੱਚ ਸਮਝਾ ਸਕਦੇ ਹੋ ਤਾਂ ਤੁਹਾਨੂੰ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੈ, ਤੇ ਤੁਸੀਂ ਉਸ ਦੇ ਉਸਤਾਦ ਬਣ ਗਏ ਹੋ। ਅਜਿਹਾ ਕਰਨ ਨਾਲ ਤੁਹਾਨੂੰ ਉਸ ਵਿਸ਼ੇ ਦੇ ਮਹੱਤਵਪੂਰਨ ਭਾਗਾਂ ਨੂੰ ਇੱਕ ਵਾਰ ਫੇਰ ਸਮਝਣ ਤੇ ਜੋੜਨ ਲਈ ਥੋੜ੍ਹਾ ਹੋਰ ਜ਼ੋਰ ਲਗਾਉਣਾ ਪਏਗਾ। ਤੁਸੀਂ ਉਸ ਨੂੰ ਉੱਚੀ ਆਵਾਜ਼ ਵਿੱਚ ਵੀ ਪੜ੍ਹ ਸਕਦੇ ਹੋ। ਉਸ ਨੂੰ ਇਸ ਤਰ੍ਹਾਂ ਜੋੜ ਸਕਦੇ ਹੋ ਜਿਵੇਂ ਕੋਈ ਕਹਾਣੀ ਸੁਣਾ ਰਹੇ ਹੋਵੋ। ਜੇ ਤੁਹਾਨੂੰ ਫੇਰ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਉਸ ਨੂੰ ਬਾਰ-ਬਾਰ ਦੁਹਰਾ ਕੇ ਅਭਿਆਸ ਕਰ ਸਕਦੇ ਹੋ। ਪਰ ਅਭਿਆਸ ਹੁਸ਼ਿਆਰੀ ਨਾਲ ਕਰਨਾ ਹੈ, ਨਾ ਕਿ ਰੱਟਾ ਲਗਾਉਣਾ ਹੈ। ਉਦੋਂ ਤੱਕ ਅਭਿਆਸ ਕਰਦੇ ਰਹਿਣਾ ਹੈ ਜਦੋਂ ਤੱਕ ਤੁਸੀਂ ਉਸ ਨੂੰ ਇੱਕ ਕਹਾਣੀ ਵਾਂਗ ਨਹੀਂ ਦੱਸ ਸਕਦੇ। ਜੇ ਤੁਸੀਂ ਰੱਟਾ ਨਹੀਂ ਲਗਾਉਗੇ, ਸਗੋਂ ਆਰਾਮ ਨਾਲ ਲਗਾਤਾਰ ਰੋਜ਼ ਅਭਿਆਸ ਕਰੋਗੇ ਤਾਂ ਤੁਸੀਂ ਉਸ ਵਿਸ਼ੇ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹੋ। ਫਿਰ ਤੁਹਾਨੂੰ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਪੜ੍ਹਨ ਲਈ ਜਾਗਣਾ ਨਹੀਂ ਪਏਗਾ।

ਕਿਸੇ ਵਿਅਕਤੀ ਦਾ ਸੁਰੀਲਾ ਗਲਾ ਤਾਂ ਕੁਦਰਤੀ ਹੁੰਦਾ ਹੈ, ਪਰ ਸੰਗੀਤ ਅਜਿਹੀ ਵਿੱਦਿਆ ਹੈ ਜੋ ਮਿਹਨਤ ਤੇ ਸਮੇਂ ਨਾਲ ਸਿੱਖੀ ਜਾ ਸਕਦੀ ਹੈ। ਜੇ ਤੁਸੀਂ ਕਿਸੇ ਉਸਤਾਦ ਤੋਂ ਸਿੱਖੋ ਤੇ ਗਹਿਰਾ ਅਧਿਐਨ ਕਰੋ ਤਾਂ ਤੁਸੀਂ ਸੰਗੀਤ ਸਿੱਖ ਸਕਦੇ ਹੋ। ਪਰ ਸਿੱਖਣ ਦੇ ਨਾਲ ਨਾਲ ਤੁਹਾਨੂੰ ਜਿੱਥੇ ਮੌਕਾ ਮਿਲੇ ਜਾਂ ਕਿਸੇ ਧਾਰਮਿਕ ਸਥਾਨ ’ਤੇ ਭਜਨ ਜਾਂ ਸ਼ਬਦ ਰਾਹੀਂ ਆਪਣੀ ਸੰਗੀਤ ਕਲਾ ਨੂੰ ਪੇਸ਼ ਵੀ ਕਰਦੇ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਖੇਡ ਵਿੱਚ ਪਰਿਪੱਕ ਹੋਣਾ ਹੈ ਤਾਂ ਮੈਦਾਨ ਵਿੱਚ ਅਭਿਆਸ ਕਰਦੇ ਹੋਏ ਰੁਕਾਵਟਾਂ ਪੈਦਾ ਕਰੋ, ਮੁਸ਼ਕਲਾਂ ਬਣਾਓ ਤੇ ਉਨ੍ਹਾਂ ਨੂੰ ਪਾਰ ਕਰੋ। ਬ੍ਰਾਜ਼ੀਲ ਦੇ ਖਿਡਾਰੀ ਫੁੱਟਬਾਲ ਵਿੱਚ ਚੈਂਪੀਅਨ ਹਨ, ਕਿਉਂਕਿ ਉਹ ਫੁੱਟਬਾਲ ਦਾ ਅਭਿਆਸ, ਹੁਸ਼ਿਆਰੀ ਨਾਲ ਕਿਸੇ ਛੋਟੇ ਹਾਲ (ਫੁੱਟਬਾਲ ਦੇ ਮੈਦਾਨ ਤੋਂ ਕਾਫ਼ੀ ਛੋਟਾ) ਦੇ ਅੰਦਰ ਰੁਕਾਵਟਾਂ ਲਗਾ ਕੇ, ਛੋਟੀ ਤੇ ਸਖ਼ਤ ਗੇਂਦ ਨਾਲ ਖੇਡਦੇ ਹਨ, ਜਿਸ ਨੂੰ ਫੁੱਟਸਾਲ ਆਖਦੇ ਹਨ। ਜਿਸ ਦਾ ਮਕਸਦ ਰੌਚਕ ਤੇ ਰਚਨਾਤਮਕ ਤਰੀਕੇ ਨਾਲ ਖਿਡਾਰੀਆਂ ਦੀ ਖੇਡ ਤਕਨੀਕ ਦਾ ਸੁਧਾਰ ਕਰਨਾ ਹੁੰਦਾ ਹੈ।

ਇਸ ਲਈ ਭੁਲਾਵੇਂ ਅੱਖਰ ਸਾਡੀ ਭਾਸ਼ਾ ਜਾਂ ਲਿੱਪੀ ਸਿੱਖਣ ਦੀ ਸ਼ਕਤੀ ਨੂੰ ਵਧਾਉਂਦੇ ਹਨ ਕਿਉਂਕਿ ਇਹ ਵਰਣਕ੍ਰਮ ਦੀਆਂ ਰੁਕਾਵਟਾਂ ਹਨ। ਜਦੋਂ ਅਸੀਂ ਬਾਰ-ਬਾਰ ਇਨ੍ਹਾਂ ਰੁਕਾਵਟਾਂ ਦਾ ਅਭਿਆਸ ਕਰਦੇ ਹਾਂ ਤੇ ਇਨ੍ਹਾਂ ਨੂੰ ਆਸਾਨੀ ਨਾਲ ਪਾਰ ਕਰਦੇ ਹਾਂ। ਫਿਰ ਸਾਡੇ ਲਈ ਕਿਸੇ ਭਾਸ਼ਾ ਜਾਂ ਲਿੱਪੀ ਨੂੰ ਸਿੱਖਣਾ ਮੁਸ਼ਕਿਲ ਨਹੀਂ ਰਹਿੰਦਾ, ਬਲਕਿ ਇਨ੍ਹਾਂ ਨਾਲ ਸਿੱਖਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣ ਜਾਂਦੀ ਹੈ।

Leave a Reply