ਭਗਤ ਸਿੰਘ ਦੀ ਕਿਤਾਬ ਰੱਖਣ ’ਤੇ ਗ੍ਰਿਫ਼ਤਾਰ ਕੀਤੇ ਆਦਿਵਾਸੀ ਪਿਉ-ਪੁੱਤਰ ਬਰੀ

0

ਨਵੀਂ ਦਿੱਲੀ, 23 ਅਕਤੂਬਰ

‘ਕਿਸੇ ਕੋਲੋਂ ਸਾਹਿਤ ਦੀ ਬਰਾਮਦਗੀ ਨਾਲ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਵਿਅਕਤੀ ਪਾਬੰਦੀਸ਼ੁਦਾ ਜਥੇਬੰਦੀ ਨਾਲ ਜੁੜਿਆ ਹੋਇਆ ਹੈ।’ ਕਰਨਾਟਕ ਦੀ ਇਕ ਜ਼ਿਲ੍ਹਾ ਅਦਾਲਤ ਨੇ 2012 ’ਚ ਗ੍ਰਿਫ਼ਤਾਰ ਕੀਤੇ ਗਏ ਆਦਿਵਾਸੀ ਪਿਉ-ਪੁੱਤਰ ਨੂੰ ਬਰੀ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀਆਂ ਕਿਤਾਬਾਂ ਰੱਖਣਾ ਅਤੇ ਅਖ਼ਬਾਰਾਂ ਪੜ੍ਹਨ ’ਤੇ ਕਾਨੂੰਨ ਤਹਿਤ ਕੋਈ ਪਾਬੰਦੀ ਨਹੀਂ ਹੈ। ਜਾਣਕਾਰੀ ਮੁਤਾਬਕ ਲਿੰਗੱਪਾ ਮਾਲਕੁੜੀਆ ਅਤੇ ਉਸ ਦੇ ਪੁੱਤਰ ਵਿੱਠਲ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਅਤੇ ਯੂਏਪੀਏ ਤਹਿਤ ਅਤਿਵਾਦ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਪੱਤਰਕਾਰੀ ਦੇ ਵਿਦਿਆਰਥੀ ਵਿੱਠਲ ਦੇ ਹੋਸਟਲ ਦੇ ਕਮਰੇ ’ਚੋਂ ਮਿਲੀਆਂ ਕਿਤਾਬਾਂ ਦੇ ਆਧਾਰ ’ਤੇ ਉਨ੍ਹਾਂ ਦੇ ਸਬੰਧ ਮਾਓਵਾਦੀਆਂ ਨਾਲ ਹੋਣ ਦੇ ਦੋਸ਼ ਲਾਏ ਗੲੇ ਸਨ। ਪੁਲੀਸ ਨੇ ਉਸ ਕੋਲੋਂ ‘ਇਤਰਾਜ਼ਯੋਗ ਸਾਹਿਤ’ ਮਿਲਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਇਸ ਸਮੱਗਰੀ ’ਚ ਸ਼ਹੀਦ ਭਗਤ ਸਿੰਘ ਦੀ ਕਿਤਾਬ, ਪਿੰਡ ’ਚ ਬੁਨਿਆਦੀ ਸਹੂਲਤਾਂ ਪਹੁੰਚਣ ਤੱਕ ਸੰਸਦੀ ਚੋਣਾਂ ਦਾ ਬਾਈਕਾਟ ਕਰਨ ਸਬੰਧੀ ਚਿੱਠੀ ਅਤੇ ਅਖ਼ਬਾਰ ਦੇ ਲੇਖ ਦੀਆਂ ਕਤਰਨਾਂ ਸ਼ਾਮਲ ਹਨ। ਅਦਾਲਤ ਨੇ ਕਿਹਾ ਕਿ ਪੁਲੀਸ ਪਿਉ-ਪੁੱਤਰ ਦੇ ਨਕਸਲੀਆਂ ਨਾਲ ਕੋਈ ਸਬੰਧ ਦਰਸਾਉਣ ’ਚ ਨਾਕਾਮ ਰਹੀ। ਇਸ ਤੋਂ ਇਲਾਵਾ ਕਿਸੇ ਵੀ ਗਵਾਹ ਨੇ ਇਹ ਨਹੀਂ ਆਖਿਆ ਕਿ ਦੋਹਾਂ ਨੇ ਦੇਸ਼ਧ੍ਰੋਹ ਜਿਹਾ ਕੋਈ ਵੱਡਾ ਕਦਮ ਉਠਾਇਆ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਨਫ਼ਰਤ ਫੈਲਾਉਣ ਜਾਂ ਸਰਕਾਰ ਖ਼ਿਲਾਫ਼ ਅਸਹਿਮਤੀ ਦੀਆਂ ਸੁਰਾਂ ਭੜਕਾਉਣ ਸਬੰਧੀ ਕੋਈ ਰਿਕਾਰਡ ਵੀ ਨਹੀਂ ਮਿਲਿਆ ਹੈ। ਪਿਉ-ਪੁੱਤਰ ਨੂੰ 3 ਮਾਰਚ, 2012 ’ਚ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਸੂਹ ਦਿੱਤੀ ਸੀ ਕਿ ਦੋਵੇਂ ਜਣੇ ਪੰਜ ਲੋੜੀਂਦੇ ਨਕਸਲੀਆਂ ਦੀ ਸਹਾਇਤਾ ਕਰ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਐੱਫਆਈਆਰ ’ਚ ਨਾਮਜ਼ਦ ਪੰਜ ਨਕਸਲੀਆਂ ਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕੇਸ ’ਚੋਂ ਬਰੀ ਹੋਣ ਮਗਰੋਂ ਵਿੱਠਲ ਨੇ ਕਿਹਾ ਕਿ ਉਸ ਨੇ ਪਿਤਾ ਨਾਲ 9 ਸਾਲ ਸੰਘਰਸ਼ ਕੀਤਾ ਅਤੇ ਅਖੀਰ ਉਹ ਬੇਕਸੂਰ ਸਾਬਿਤ ਹੋਏ। ਗ੍ਰਿਫ਼ਤਾਰੀ ਦੇ ਕਰੀਬ ਚਾਰ ਮਹੀਨਿਆਂ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਕਿਉਂਕਿ ਪੁਲੀਸ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ ਸੀ। ਪੱਤਰਕਾਰੀ ਦਾ ਕੋਰਸ 2016 ’ਚ ਮੁਕੰਮਲ ਹੋਣ ਮਗਰੋਂ ਵਿੱਠਲ 2018 ’ਚ ਇਕ ਕੰਨੜ ਦੈਨਿਕ ’ਚ ਕੰਮ ਕਰਨ ਲੱਗ ਪਿਆ ਸੀ। -ਏਜੰਸੀ

Leave a Reply