ਬੀਕੇਯੂ ਸਿੱਧੂਪੁਰ ਵੱਲੋਂ ਬਰਨਾਲਾ ਵਿੱਚ ‘ਚਿਤਾਵਨੀ ਰੈਲੀ’

0

ਪ੍ਰਸ਼ੋਤਮ ਬੱਲੀ

ਬਰਨਾਲਾ, 10 ਅਕਤੂਬਰ

ਸੂਬੇ ਦੀ ਕਿਸਾਨੀ ਨੂੰ ਦਰਪੇਸ਼ ਮੰਗਾਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਦਾਣਾ ਮੰਡੀ ਬਰਨਾਲਾ ਵਿੱਚ ਸੂਬਾ ਪੱਧਰੀ ‘ਚਿਤਾਵਨੀ ਰੈਲੀ’ ਕੀਤੀ ਗਈ। ਇਸ ਮੌਕੇ ਕਈ ਲਟਕਦੀਆਂ ਮੰਗਾਂ ਦੇ ਨਾਲ-ਨਾਲ ਪੰਜਾਬ ’ਚ ‘ਅਫ਼ੀਮ’ ਦੀ ਖੇਤੀ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਵੇਂ ਉਹ ਮੁੱਖ ਤੌਰ ’ਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਕਾਰਨ ਦਿੱਲੀ ਬਾਰਡਰ ’ਤੇ ਬੈਠੇ ਹਨ, ਪਰ ਪੰਜਾਬ ਸਰਕਾਰ ਇਹ ਨਾ ਸਮਝੇ ਕਿ ਉਹ ਸੂਬੇ ਦੀਆਂ ਮੰਗਾਂ ਪ੍ਰਤੀ ਅਵੇਸਲੇ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਬਿਨਾਂ ਦਸਤਾਵੇਜ਼ੀ ਸ਼ਰਤਾਂ ਦੇ ਦਾਣਾ-ਦਾਣਾ ਫ਼ਸਲ ਖਰੀਦੀ ਜਾਵੇ, ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਮਜ਼ਦੂਰਾਂ ਲਈ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ 26 ਨਵੰਬਰ 2020 ਤੋਂ ਨਹੀਂ ਬਲਕਿ ਬੀਤੀ 5 ਜੂਨ 2020 ਤੋਂ ਸ਼ਹੀਦ ਮੰਨ ਕੇ 5 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਸਹੂਲਤ ਦਿੱਤੀ ਜਾਵੇ, ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਵੇ ਤੇ ਦਰਜ ਕੇਸ ਰੱਦ ਕੀਤੇ ਜਾਣ। ਆਗੂਆਂ ਨੇ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਬੂਟਾ ਸਿੰਘ ਸ਼ਾਦੀਪੁਰ ਅਤੇ ਮਹਿਲਾ ਆਗੂ ਗੁਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਸਿਰਫ਼ ਤੇ ਸਿਰਫ਼ ਅਫ਼ੀਮ (ਖਸਖਸ) ਦੀ ਖੇਤੀ ਸ਼ੁਰੂ ਕਰ ਕੇ ਹੀ ਲਾਹੇਵੰਦ ਬਣਾਇਆ ਜਾ ਸਕਦਾ ਹੈ। ਯੂਪੀ ਤੋਂ ਪੁੱਜੇ ਯੁੱਧਵੀਰ ਸਿੰਘ ਨੇ ਕਾਲੇ ਖੇਤੀ ਕਾਨੂੰਨਾਂ ਬਾਰੇ ਕਿਹਾ ਕਿ 2011-12 ਦੀ ਯੂਪੀਏ ਸਰਕਾਰ ਸਮੇਂ ਅਜਿਹੇ ਪ੍ਰਸਤਾਵਾਂ ਦਾ ਭਾਜਪਾ ਵਿਰੋਧ ਕਰਦੀ ਰਹੀ ਹੈ ਤਾਂ ਉਹੀ 2020 ਵਿੱਚ ਠੀਕ ਕਿਵੇਂ ਹੋ ਗਏ? ਉਨ੍ਹਾਂ ਦੱਸਿਆ ਕਿ ਬੀਟੀ ਕਾਟਨ ਲਿਆ ਕੇ ਦੇਸ਼ ਦੀਆਂ 3400 ਦੇਸੀ ਕਿਸਮਾਂ ਦਾ ਖਾਤਮਾ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਬੁਲਾਰਿਆਂ ’ਚ ਸਤਨਾਮ ਸਿੰਘ ਬਹਿਰੂ, ਸੂਬਾ ਜਸ ਕਾਕਾ ਕੋਟੜਾ, ਮਨਜੀਤ ਸਿੰਘ ਰਾਏ, ਰਾਸ਼ਟਰੀ ਕਿਸਾਨ ਮਹਾਸੰਘ ਦੇ ਅਭਿਮੰਨਿਊ ਕੋਹਾੜ (ਹਰਿਆਣਾ), ਰਾਜਸਥਾਨ ਤੋਂ ਇੰਦਰਜੀਤ ਸਿੰਘ ਪੰਨੀਵਾਲਾ, ਡਾ. ਸਵੈਮਾਨ ਸਿੰਘ ਅਮਰੀਕਾ, ਮਹਾਰਾਸ਼ਟਰ ਤੋਂ ਸ਼ੰਕਰ ਦਾਰੇਕਰ, ਯੰਗਵੀਰ ਸਿੰਘ ਚੌਹਾਨ, ਅਮਿਤੋਜ ਮਾਨ, ਲਖਵਿੰਦਰ ਸਿੰਘ, ਗਾਇਕ ਗੁਰਵਿੰਦਰ ਬਰਾੜ, ਕੁਲਦੀਪ ਵਜੀਦਪੁਰ ਤੋਂ ਇਲਾਵਾ ਰੇਸ਼ਮ ਸਿੰਘ ਯਾਤਰੀ, ਮਾਨ ਸਿੰਘ ਰਾਜਪੁਰਾ ਤੇ ਮੇਹਰ ਸਿੰਘ ਥੇੜੀ ਆਦਿ ਆਗੂ ਸ਼ਾਮਲ ਸਨ। 

ਸਹਾਇਤਾ ਰਾਸ਼ੀ ਨਾ ਦਿੱਤੀ ਤਾਂ ਸਾੜਾਂਗੇ ਪਰਾਲੀ: ਡੱਲੇਵਾਲ

ਯੂਨੀਅਨ ਵੱਲੋਂ ਪਰਾਲੀ ਨਾ ਸਾੜਨ ’ਤੇ ਕਿਸਾਨਾਂ ਨੂੰ 8 ਹਜ਼ਾਰ ਪ੍ਰਤੀ ਏਕੜ ਨਾ ਦਿੱਤੇ ਜਾਣ ’ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖੁੱਲ੍ਹੇਆਮ ਪਰਾਲੀ ਸਾੜਨ ਦੀ ਪੰਜਾਬ ਸਰਕਾਰ ਨੂੰ ਮੰਚ ਤੋਂ ਚੁਣੌਤੀ ਤੇ ਚਿਤਾਵਨੀ ਦਿੱਤੀ।

ਮਹਿਲਾ ਆਗੂ ਨੇ ‘ਅਫ਼ੀਮ’ ਦੀ ਖੇਤੀ ਲਈ ਸਰਕਾਰ ਨੂੰ ਵੰਗਾਰਿਆ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਪੁੱਜੀ ਬੀਬੀ ਗੁਰਜੀਤ ਕੌਰ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਉਸ ਕੋਲ ਜ਼ਮੀਨ ਭਾਵੇਂ ਨਹੀਂ ਹੈ ਪਰ ਉਹ ਇੱਕ ਕਿੱਲਾ ਠੇਕੇ ’ਤੇ ਲੈ ਕੇ ਖਸਖਸ ਦੀ ਖੇਤੀ ਸ਼ੁਰੂ ਕਰੇਗੀ। ਸਰਕਾਰ ਜੋ ਕਾਰਵਾਈ ਕਰਨਾ ਚਾਹੇ, ਕਰ ਸਕਦੀ ਹੈ।

Leave a Reply