ਪੰਜਾਬ ਵਿੱਚ ਅੱਜ ਲਿਆਂਦੀਆਂ ਜਾਣਗੀਆਂ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ

0

ਪੱਤਰ ਪ੍ਰੇਰਕ

ਨਵੀਂ ਦਿੱਲੀ 22 ਅਕਤੂਬਰ

ਇੱਥੋਂ ਦੇ ਟਿਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਕਾਕਾ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਨੂੰ ਕਲਸ਼ ਯਾਤਰਾ ਦੇ ਰੂਪ ਵਿੱਚ ਟਿਕਰੀ ਬਾਰਡਰ ਤੋਂ 23 ਅਕਤੂਬਰ ਨੂੰ ਰਵਾਨਾ ਕੀਤਾ ਜਾਵੇਗਾ। ਮਾਲਵਾ ਜ਼ੋਨ ਵਿੱਚੋਂ ਕਲਸ਼ ਯਾਤਰਾ ਕੱਢਦਿਆਂ ਸ਼ਹੀਦਾਂ ਦੀਆਂ ਅਸਥੀਆਂ 24 ਅਕਤੂਬਰ ਨੂੰ ਸ਼ਾਮ ਨੂੰ 4 ਵਜੇ ਹੁਸੈਨੀਵਾਲਾ ਬਾਰਡਰ ’ਤੇ ਜਲ ਪ੍ਰਵਾਹ ਹੋਣਗੀਆਂ। ਪੰਜਾਬ ਭਰ ਵਿੱਚ ਥਾਂ-ਥਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।

ਮਾਲਵਾ ਜ਼ੋਨ ਵਿੱਚ 23 ਅਕਤੂਬਰ ਨੂੰ ਕਲਸ਼ ਯਾਤਰਾ ਟਿਕਰੀ ਬਾਰਡਰ ਤੋਂ ਚੱਲ ਕੇ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਸ ਦਾ ਪਹਿਲਾ ਪੁਆਇੰਟ ਬੁਢਲਾਡਾ ਹੋਵੇਗਾ ਅਤੇ ਇਹ ਸ਼ਾਮ 3 ਵਜੇ ਇੱਥੇ ਪਹੁੰਚੇਗੀ। ਇਸ ਤੋਂ ਮਗਰੋਂ ਸ਼ਾਮ ਚਾਰ ਵਜੇ ਭੀਖੀ ਪਹੁੰਚੇਗੀ। ਮਗਰੋਂ 5 ਵਜੇ ਸ਼ਾਮ ਨੂੰ ਮਾਨਸਾ ਕੈਂਚੀਆਂ ਪਹੁੰਚੇਗੀ। ਰਾਤ ਦੀ ਰਿਹਾਇਸ਼ ਗੁਰਦੁਆਰਾ ਸਾਹਿਬ ਫਫੜੇ ਭਾਈ ਕੇ ਹੋਵੇਗੀ।

ਐਤਵਾਰ 24 ਅਕਤੂਬਰ ਦੀ ਸਵੇਰੇ 9 ਵਜੇ ਹੰਢਿਆਇਆ ਕੈਂਚੀਆਂ ਪਹੁੰਚੇਗੀ। ਉਸ ਤੋਂ ਬਾਅਦ ਮੌੜ ਚੌਕ ਰਾਮਪੁਰਾ 10 ਵਜੇ ਪਹੁੰਚੇਗੀ। ਫਿਰ ਘਨ੍ਹੱਈਆ ਚੌਕ ਬਠਿੰਡਾ 11 ਵਜੇ ਪਹੁੰਚੇਗੀ। ਮਗਰੋਂ ਬੱਤੀਆਂ ਵਾਲਾ ਚੌਕ ਕੋਟਕਪੂਰਾ 12:30 ਵਜੇ ਪਹੁੰਚੇਗੀ ਅਤੇ ਟਹਿਣਾ ਚੌਂਕ ਫ਼ਰੀਦਕੋਟ 1:30 ਵਜੇ ਪਹੁੰਚੇਗੀ। ਵਾਇਆ ਤਲਵੰਡੀ ਚੌਕ ਇਕੱਠੇ ਹੋ ਕੇ ਮੋਗਾ ਜ਼ਿਲ੍ਹੇ ਦੇ ਸਾਥੀ ਨਾਲ ਚੱਲਣਗੇ। ਉੱਥੋਂ ਚੱਲ ਕੇ ਹੁਸੈਨੀਵਾਲਾ ਬਾਰਡਰ ’ਤੇ ਸ਼ਾਮ ਨੂੰ 4 ਵਜੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਫਾਜ਼ਿਲਕਾ ਤੇ ਫਿਰੋਜ਼ਪੁਰ ਵਾਲੇ ਸਾਥੀ ਸਿੱਧਾ ਹੁਸੈਨੀਵਾਲਾ ਵਿਖੇ ਪਹੁੰਚਣਗੇ।

Leave a Reply