ਦੀਵਾ ਬਲੈ ਅੰਧੇਰਾ ਜਾਇ

0

ਸੁਰਜੀਤ

ਸੁਰਜੀਤ

ਦੀਵਾ ਰੌਸ਼ਨੀ ਦਾ ਚਿੰਨ੍ਹ ਹੈ। ਦੀਵਾ ਗਿਆਨ ਦਾ ਵੀ ਪ੍ਰਤੀਕ ਹੈ। ਇੱਕੀਵੀਂ ਸਦੀ ਵਿੱਚ ਗਿਆਨ ਦੀ ਕੋਈ ਕਮੀ ਨਹੀਂ; ਗਿਆਨ ਪ੍ਰਾਪਤ ਕਰਨ ਲਈ ਅੱਜ ਇੱਕ ਬਟਨ ਦਬਾਓ ਤਾਂ ਦੁਨੀਆ ਭਰ ਦੀ ਜਾਣਕਾਰੀ ਤੁਹਾਡੇ ਸਾਹਮਣੇ ਕੰਪਿਊਟਰ ਦੀ ਸਕਰੀਨ ’ਤੇ ਆ ਜਾਂਦੀ ਹੈ। ਅਫ਼ਸੋਸ! ਫਿਰ ਵੀ ਇੰਨੀ ਅਗਿਆਨਤਾ? ਜਿੰਨੇ ਅਵੇਸਲੇ ਅਸੀਂ ਅੱਜ ਹਾਂ, ਇੰਨੇ ਅਵੇਸਲੇ ਸ਼ਾਇਦ ਕਦੇ ਵੀ ਨਹੀਂ ਰਹੇ। ਸਾਡੇ ਇਸ ਅਵੇਸਲੇਪਣ ਨੇ ਆਪਣੀ ਬੋਲੀ, ਆਪਣੇ ਸੱਭਿਆਚਾਰ, ਆਪਣੇ ਵਾਤਾਵਰਣ ਅਤੇ ਆਪਣੇ ਵਿਵੇਕ ਨੂੰ ਹੀ ਖ਼ਤਰੇ ਵਿੱਚ ਪਾ ਦਿੱਤਾ।

ਅੱਜ ਕੁਝ ਗੱਲਾਂ ਵਿਚਾਰਨ ਦੀ ਲੋੜ ਹੈ। ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਖੁਸ਼ੀਆਂ ਸਾਂਝੀਆਂ ਕਰਨ ਲਈ; ਜ਼ਿੰਦਗੀ ਵਿੱਚ ਬਦਲਾਉ ਲਿਆਉਣ ਲਈ; ਜ਼ਿੰਦਗੀ ਦੀ ਖੜੋਤ ਵਿੱਚ ਉਤਸ਼ਾਹ ਅਤੇ ਹੁਲਾਸ ਭਰਨ ਲਈ ਜਾਂ ਇਸ ਦਿਨ ਅਸੀਂ ਆਪਣੇ ਧਰਮ/ਵਿਰਸੇ ਨੂੰ ਯਾਦ ਕਰਦੇ ਹਾਂ; ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। ਸਾਡੀ ਜ਼ਿੰਦਗੀ ਵਿੱਚ ਤਿਉਹਾਰਾਂ ਦੀ ਬਹੁਤ ਮਹਤੱਤਾ ਹੈ; ਤਿਉਹਾਰ ਕਿਸੇ ਸਮਾਜ ਨੂੰ ਭੇਦ-ਭਾਵ ਭੁਲਾ ਕੇ ਰਲ-ਮਿਲ ਕੇ ਰਹਿਣ ਦਾ ਹੁਨਰ ਬਖ਼ਸ਼ਦੇ ਹਨ।

ਕੀ ਇਸ ਦਿਨ ਅਸੀਂ ਆਪਣੇ ਪੁਰਖਿਆਂ ਦੀ ਮਹਾਨਤਾ ਨੂੰ ਸੱਚਮੁੱਚ ਯਾਦ ਕਰਦੇ ਹਾਂ? ਕੀ ਕਿਸੇ ਤਿਉਹਾਰ ਨੇ ਅੱਜ ਤੱਕ ਸਾਡੀ ਜ਼ਿੰਦਗੀ ਵਿੱਚ ਕੋਈ ਬਦਲਾਉ ਲਿਆਂਦਾ? ਅਸੀਂ ਤਿਉਹਾਰ ਕਿਵੇਂ ਮਨਾਉਂਦੇ ਹਾਂ?

ਪਹਿਲਾਂ ਦੁਸਹਿਰੇ ਦੀ ਹੀ ਗੱਲ ਕਰ ਲਈਏ। ਕਈਆਂ ਨੇ ਰਾਵਣ ਸਾੜਿਆ ਅਤੇ ਪਟਾਕੇ ਚਲਾਏ ਜਾਂ ਉਨ੍ਹਾਂ ਵਸਤੂਆਂ ਦਾ ਸੇਵਨ ਕੀਤਾ ਜਿਹੜੀਆਂ ਸਾਡੀ ਸਿਹਤ ਲਈ ਹਾਨੀਕਾਰਕ ਹਨ। ਪਰ ਕੀ ਸਾਡੇ ਵਿੱਚੋਂ ਕਿਸੇ ਨੇ ਸੋਚਿਆ ਕਿ ਦਸਹਿਰਾ ਅਸੀਂ ਮਨਾਉਂਦੇ ਕਿਉਂ ਹਾਂ? ਆਮ ਲਿਖਿਆ ਸੁਣਿਆ ਵੇਖਦੇ ਹਾਂ ਕਿ ਇਹ ਤਿਉਹਾਰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ ਭਾਵ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਬਦੀ ਨੂੰ ਖ਼ਤਮ ਕੀਤਾ ਜਾਵੇ ਅਤੇ ਇਸ ਦਿਨ ਨੇਕੀ ਦਾ ਕੋਈ ਕੰਮ ਕੀਤਾ ਜਾਵੇ। ਇਕੱਲੇ ਰਾਵਣ ਨੂੰ ਸਾੜਣ ਨਾਲ ਕੀ ਹੋਵੇਗਾ ਜੇ ਸਾਡੇ ਅੰਦਰ ਦਾ ਰਾਵਣ ਈ ਨਾ ਸੜਿਆ? ਇਹ ਤਿਉਹਾਰ ਇਹ ਨਹੀਂ ਯਾਦ ਕਰਵਾਉਂਦਾ ਕਿ ਸਾਲ ਵਿੱਚ ਸਾਨੂੰ ਇੱਕ ਵਾਰ ਤਾਂ ਕੋਈ ਨੇਕੀ ਦਾ ਕੰਮ ਕਰ ਲੈਣਾ ਚਾਹੀਦਾ ਹੈ? ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹਾਂ ਜਾਂ ਘੱਟੋ ਘੱਟ ਆਪਣੀਆਂ ਭੈਣਾਂ ਕੋਲ ਬੈਠ ਕੇ ਉਨ੍ਹਾਂ ਦਾ ਹਾਲ-ਚਾਲ ਹੀ ਪੁੱਛ ਸਕਦੇ ਹਾਂ? ਸੋਚੋ ਕਦੇ ਪੁੱਛਿਆ ਆਪਣੀਆਂ ਧੀਆਂ/ਭੈਣਾਂ/ਦੋਸਤ ਕੁੜੀਆਂ ਤੋਂ ਕਿ ਉਨ੍ਹਾਂ ਨੂੰ ਕੋਈ ‘ਰਾਵਣ’ ਤੰਗ ਤਾਂ ਨਹੀਂ ਕਰਦਾ? ਜ਼ਮਾਨੇ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕਿੰਨਾ ਕੁਝ ਬਦਲ ਗਿਆ; ਜ਼ਿੰਦਗੀ ਦੇ ਮਾਪਦੰਡ ਬਦਲ ਗਏ; ਰਿਸ਼ਤਿਆਂ ਦੇ ਮੁਹਾਂਦਰੇ ਬਦਲ ਗਏ ਫੇਰ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਕਿਉਂ ਨਹੀਂ ਬਦਲੇ? ਕਿਉਂ ਅਸੀਂ ਅਜੇ ਤੱਕ ਰਾਵਣ ਨੂੰ ਸਾੜਣਾ ਨਹੀਂ ਛੱਡਿਆ? ਕੀ ਅਸੀਂ ਦਸਹਿਰੇ ਵਾਲੇ ਦਿਨ ਇਹ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਵਣ ਕੌਣ ਸੀ? ਉਸ ਵਿੱਚ ਕੀ ਗੁਣ ਸਨ? ਉਸ ਨੂੰ ਕਿੰਨਾ ਗਿਆਨ ਸੀ? ਉਸ ਨੇ ਕੀ ਗ਼ਲਤੀ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਦੀ ਮੌਤ ਪ੍ਰਾਪਤ ਹੋਈ? ਅਸੀਂ ਇਹੋ ਜਿਹੀਆਂ ਗ਼ਲਤੀਆਂ ਤੋਂ ਕਿਵੇਂ ਦੂਰ ਰਹੀਏ?

ਅੱਜ ਸੀਤਾ ਵਰਗੀਆਂ ਹਜ਼ਾਰਾਂ ਕੁੜੀਆਂ ਮਰਦਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ; ਕਿੰਨੇ ਦਰਿੰਦੇ ਔਰਤਾਂ ’ਤੇ ਤੇਜ਼ਾਬ ਸੁੱਟਦੇ ਤੇ ਉਨ੍ਹਾਂ ਦੀ ਬੇਪਤੀ ਕਰਦੇ ਨੇ। ਕੀ ਅਸੀਂ ਬਦੀ ਨੂੰ ਰੋਕ ਸਕੇ? ਦਸਹਿਰੇ ਦਾ ਦਿਨ ਇਹ ਪ੍ਰਣ ਕਰਨ ਦਾ ਦਿਨ ਹੈ ਕਿ ਅਸੀਂ ਉਨ੍ਹਾਂ ਕੁੜੀਆਂ ਨੂੰ ਸਮਾਜ ਵਿੱਚ ਫੈਲੇ ਤੇਜ਼ਾਬ/ ਸ਼ੋਸ਼ਣ ਤੋਂ ਬਚਾਉਣ ਲਈ ਕੁਝ ਅਜਿਹਾ ਕਰਾਂਗੇ ਕਿ ਉਹ ਸੁਰੱਖਿਅਤ ਰਹਿਣ। ਜੋ ਇਸ ਤਸ਼ਦੱਦ ਦਾ ਸ਼ਿਕਾਰ ਹੋ ਚੁੱਕੀਆਂ ਹਨ, ਅਸੀਂ ਉਨ੍ਹਾਂ ਦੀ ਆਵਾਜ਼ ਬਣਾਂਗੇ। ਇਹ ਹੋਵੇਗੀ ਬਦੀ ਨੂੰ ਖ਼ਤਮ ਕਰਕੇ ਨੇਕੀ ਕਰਨ ਦੀ ਹਿੰਮਤ। ਫਿਰ ਅਸੀਂ ਸੱਚਮੁੱਚ ਖ਼ੁਸ਼ ਹੋਵਾਂਗੇ ਅਤੇ ਸਹੀ ਅਰਥਾਂ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਅਰਥ ਸਮਝਾਂਗੇ।

ਸਾਡੇ ਸਾਰਿਆਂ ਦੇ ਹੱਥ ਵਿੱਚ ਹਰ ਵੇਲੇ ਮਹਿੰਗੇ ਸੈੱਲ ਫੋਨ ਚੁੱਕੇ ਹੁੰਦੇ ਹਨ ਤੇ ਇਸ ਫੋਨ ਨਾਲ ਅਸੀਂ ਹਰ ਵੇਲੇ ਜੁੜੇ ਰਹਿੰਦੇ ਹਾਂ। ਅਸੀਂ ਕਿਤੇ ਵੀ ਜਾਂਦੇ ਹਾਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ। ਕੋਈ ਪ੍ਰੋਗਰਾਮ ਵੇਖਣ ਜਾਂਦੇ ਹਾਂ ਤਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ। ਜੇ ਅਸੀਂ ਵੀਡੀਓ ਹੀ ਦੇਖਣੀ ਸੀ ਤਾਂ ਲਾਈਵ ਪ੍ਰੋਗਰਾਮ ਦੇਖਣ ਜਾਣ ਦਾ ਕੀ ਫਾਇਦਾ? ਅਸੀਂ ਆਪ ਉਸ ਪ੍ਰੋਗਰਾਮ ਦਾ ਆਨੰਦ ਮਾਣਨ ਦੀ ਬਜਾਏ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਵਿਖਾਉਣ ਲਈ ਵੱਧ ਉਤਸੁਕ ਹੁੰਦੇ ਹਾਂ। ਆਲੇ ਦੁਆਲੇ ਦੇ ਬੰਦੇ ਵੀ ਪਰੇਸ਼ਾਨ ਹੁੰਦੇ ਹਨ, ਪਰ ਅਸੀਂ ਕਦੇ ਉਨ੍ਹਾਂ ਬਾਰੇ ਸੋਚਦੇ ਹੀ ਨਹੀਂ।

ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਵੀ ਫੋਨ ਨਾਲ ਜੁੜੇ ਰਹਿੰਦੇ ਹਾਂ; ਉਨ੍ਹਾਂ ਨਾਲ ਚੰਗੀ ਤਰ੍ਹਾਂ ਕੋਈ ਵਾਰਤਾਲਾਪ ਨਹੀਂ ਹੋ ਪਾਉਂਦਾ। ਜੇ ਮੇਲਾ ਵੇਖਣ ਗਏ ਤਾਂ ਵੀਡੀਓ ਬਣਾਉਂਦੇ ਰਹੇ ਜਾਂ ਫੋਟੋਆਂ ਖਿੱਚਦੇ ਰਹੇ। ਇਸ ਵਿੱਚੋਂ ਅਸੀਂ ਕੀ ਖੱਟਿਆ? ਜਦੋਂ ਅਸੀਂ ਫੋਨ ’ਤੇ ਹੁੰਦੇ ਹਾਂ ਤਾਂ ਸਾਡਾ ਧਿਆਨ ਵੰਡਿਆ ਹੁੰਦਾ ਹੈ। ਅਸੀਂ ਚੇਤੰਨ ਨਹੀਂ ਹੁੰਦੇ; ਕੋਈ ਵੀ ਹਾਦਸਾ ਹੋ ਸਕਦਾ ਹੈ। ਜੇ ਜ਼ਿੰਦਗੀ ਜਿਊਣ ਦੇ ਹੋਰ ਤਰੀਕੇ ਬਦਲ ਗਏ ਹਨ ਤਾਂ ਕਿਉਂ ਨਾ ਅਸੀ ਤਿਉਹਾਰਾਂ ਨੂੰ ਮਨਾਉਣ ਦਾ ਵੀ ਕੋਈ ਅਜਿਹਾ ਢੰਗ ਲੱਭੀਏ ਜਿਹੜਾ ਵਧੇਰੇ ਸਾਰਥਕ ਹੋਵੇ। ਅੱਗੇ ਤੋਂ ਜਦੋਂ ਵੀ ਦਸਹਿਰਾ ਮਨਾਈਏ ਤਾਂ ਜ਼ਰੂਰ ਸੋਚੀਏ ਕਿ ਆਪਣੇ ਵੇਲੇ ਦੀਆਂ ‘ਸੀਤਾਵਾਂ’ ਨੂੰ ‘ਰਾਵਣਾਂ’ ਤੋਂ ਬਚਾਉਣ ਲਈ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ।

ਦੀਵਾਲੀ ਦਾ ਤਿਉਹਾਰ ਲੋਕਾਂ ਦੇ ਮਨਾਂ ਵਿੱਚ ਬਹੁਤ ਹੁਲਾਸ ਭਰਦਾ ਹੈ; ਹਰ ਪਾਸੇ ਦੁਕਾਨਾਂ ਮਠਿਆਈਆਂ ਨਾਲ ਭਰ ਜਾਂਦੀਆਂ ਹਨ, ਪਰ ਅੱਜ ਦੇ ਇਸ ਸਮੇਂ ਵਿੱਚ ਜਦੋਂ ਸ਼ੂਗਰ ਵਰਗੇ ਰੋਗ ਸਾਡੇ ਸਮਾਜ ਵਿੱਚ ਆ ਵੜੇ ਹਨ ਤਾਂ ਸਾਨੂੰ ਮਠਿਆਈਆਂ ਦੀ ਵਰਤੋਂ ਕਰਨੀ ਕਿੰਨੀ ਕੁ ਲਾਹੇਵੰਦ ਹੈ? ਅੱਜ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਮਠਿਆਈਆਂ ਅਸੀਂ ਦੁੱਧ ਦੀਆਂ ਬਣੀਆਂ ਸਮਝ ਕੇ ਖਾ ਰਹੇ ਹਾਂ, ਉਹ ਦੁੱਧ ਕਿਹੋ ਜਿਹਾ ਸੀ।

ਸੋਸ਼ਲ ਮੀਡੀਆ, ਜਿਸ ਨੂੰ ਸਮਾਜ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ ਹੈ, ਉੱਤੇ ਪਟਾਕਿਆਂ ਦੀ ਰੱਜ ਕੇ ਮਸ਼ਹੂਰੀ ਕੀਤੀ ਜਾਂਦੀ ਹੈ। ਹਰ ਦੁਕਾਨ ਚਾਹੇ ਉਹ ਗਰੌਸਰੀ ਦੀ ਹੈ, ਚਾਹੇ ਕੱਪੜਿਆਂ ਦੀ; ਉੱਥੇ ਪਟਾਕੇ ਵਿਕਣ ਲੱਗਦੇ ਹਨ। ਸਾਡੀ ਸੋਚ ਨੂੰ ਮੰਡੀ ਨੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ। ਅਸੀਂ ਪਟਾਕੇ ਚਲਾ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਆਪਣੇ ਪੈਸਿਆਂ ਨੂੰ ਅੱਗ ਲਾ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਫੈਲਾ ਕੇ ਖ਼ੁਸ਼ ਹੁੰਦੇ ਹਾਂ। ਕਿੰਨੇ ਹਾਦਸੇ ਹੋਏ, ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਕੈਨੇਡਾ ਵਿੱਚ ਇਨ੍ਹਾਂ ਪਟਾਕਿਆਂ ਨਾਲ ਲੋਕਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਖ਼ਰੀਦੇ ਮਿਲੀਅਨ ਡਾਲਰਾਂ ਦੇ ਘਰ ਤੱਕ ਸੜ ਕੇ ਸੁਆਹ ਹੋ ਗਏ, ਪਰ ਅਸੀਂ ਫੇਰ ਵੀ ਨਹੀਂ ਸਮਝੇ। ਭਾਰਤ ਵਿੱਚ ਤਾਂ ਦੀਵਾਲੀ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੀ ਅਸੀਂ ਕਦੀ ਸੋਚਿਆ ਕਿ ਇਸ ਪ੍ਰਦੂਸ਼ਣ ਨਾਲ ਦਮੇ ਦੀ ਬਿਮਾਰੀ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ?

ਸਾਡੇ ਪਟਾਕਿਆਂ ਦੇ ਸ਼ੋਰ ਵਿੱਚ ਕਈ ਬਿਮਾਰ ਜਾਂ ਬਜ਼ੁਰਗ ਸੌਂ ਨਹੀਂ ਸਕਦੇ ਹੋਣਗੇ, ਉਨ੍ਹਾਂ ਦੇ ਹਾਲ ਬਾਰੇ ਅਸੀਂ ਕਦੀ ਸੋਚਿਆ ਹੀ ਨਹੀਂ। ਫਿਰ ਕਿਹੜੀ ਨੇਕੀ ਅਤੇ ਕਿਹੜੀ ਬਦੀ?

ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਪਰ ਕੀ ਅਸੀਂ ਕਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇਕੀ ਦੀ ਕਥਾ ਕਿ ਕਿਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਚੋਲੇ ਨੂੰ ਬਵੰਜਾਂ ਕਲੀਆਂ ਲੁਆ ਕੇ ਬਵੰਜਾ ਰਾਜੇ ਜੇਲ੍ਹ ਤੋਂ ਰਿਹਾਅ ਕਰਵਾਏ ਸਨ- ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਸਾਂਝੀ ਕਰਦੇ ਹਾਂ? ਕਦੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਸਾਹਿਬ ਦੇ ਰਸਤੇ ’ਤੇ ਚੱਲਣ? ਜਾਂ ਕੇਵਲ ਅਸੀਂ ਮਠਿਆਈਆਂ ਵੰਡੀਆਂ, ਕੁਝ ਅਜਿਹੀਆਂ ਵਸਤੂਆਂ ਦਾ ਸੇਵਨ ਕੀਤਾ ਜੋ ਮਨ ਅਤੇ ਤਨ ਦੋਹਾਂ ਲਈ ਚੰਗੀਆਂ ਨਹੀਂ ਹੁੰਦੀਆਂ, ਪਟਾਕੇ ਚਲਾਏ ਤੇ ਮਨਾ ਲਿਆ ਗਿਆ ਬੰਦੀ ਛੋੜ ਦਿਵਸ!

ਨੇਕੀ ਕੀ ਅਤੇ ਬਦੀ ਕਿਹੜੀ? ਸਾਨੂੰ ਨੇਕੀ ਅਤੇ ਬਦੀ ਦੇ ਫ਼ਰਕ ਨੂੰ ਪਛਾਣਨ ਦੀ ਲੋੜ ਹੈ। ਅਸੀਂ ਧਾਰਮਿਕ ਸਥਾਨਾਂ ’ਤੇ ਜਾ ਕੇ ਮਣਾਂ-ਮੂੰਹੀਂ ਮਠਿਆਈ ਜਾਂ ਹੋਰ ਰਸਦ ਚੜ੍ਹਾਉਂਦੇ ਹਾਂ, ਸਰ੍ਹੋਂ ਦੇ ਤੇਲ ਦੇ ਦੀਵੇ ਬਾਲਦੇ ਹਾਂ, ਪਰ ਕਦੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੰਨੀ ਮਠਿਆਈ ਦਾ ਗੁਰਦੁਆਰੇ ਵਾਲੇ ਕੀ ਕਰਨਗੇ?

ਕਹਿੰਦੇ ਹਨ ਕਿ ਸਰ੍ਹੋਂ ਦਾ ਤੇਲ ਦਾਨ ਕਰਨ ਨਾਲ ਸ਼ਨੀ ਖ਼ੁਸ਼ ਹੁੰਦਾ ਹੈ, ਪਰ ਇਹ ਇੰਜ ਡੋਲ੍ਹਣ ਦੀ ਬਜਾਏ ਕਿਸੇ ਲੋੜਵੰਦ ਨੂੰ ਵੀ ਦਿੱਤਾ ਜਾ ਸਕਦਾ ਹੈ। ਇਹ ਸਾਡੀਆਂ ਪਰੰਪਰਾਵਾਂ ਹਨ, ਪਰ ਸਾਨੂੰ ਇਨ੍ਹਾਂ ਦੇ ਅਰਥ ਸਮਝਣੇ ਪੈਣਗੇ। ਗੁਰੂ ਨਾਨਕ ਸਾਹਿਬ ਨੇ ਆਰਤੀ ਦੀ ਪ੍ਰਥਾ ਨੂੰ ਵੇਖ ਕੇ ਆਰਤੀ ਉਚਾਰਣ ਕੀਤੀ ਅਤੇ ਕਿਹਾ ਕਿ ਇੱਕ ਥਾਲੀ ਵਿੱਚ ਕੁਝ ਦੀਵੇ ਬਾਲ ਕੇ ਉਸ ਇੰਨੇ ਵੱਡੇ ਪਰਮਾਤਮਾ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਕਿ ਸਾਰਾ ਬ੍ਰਹਿਮੰਡ ਹੀ ਉਸ ਦੀ ਆਰਤੀ ਵਿੱਚ ਲੀਨ ਹੈ ਤਾਂ ਇਨ੍ਹਾਂ ਕਰਮਕਾਂਡਾਂ ਦਾ ਕੀ ਅਰਥ? ਸਾਨੂੰ ਵੀ ਇਨ੍ਹਾਂ ਸਾਰੀਆਂ ਪ੍ਰਥਾਵਾਂ ਦੇ ਅਰਥ ਸਮਝ ਕੇ ਤਿਉਹਾਰਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਹੋ ਕੇ ਮਨਾਉਣਾ ਹੋਵੇਗਾ। ਜਿਹੜਾ ਧਨ ਅਸੀਂ ਅਜਾਈਂ ਗੁਆ ਦਿੰਦੇ ਹਾਂ, ਉਸ ਨਾਲ ਅਸੀਂ ਆਪਣੇ ਤੋਂ ਘੱਟ ਸਮਰੱਥਾ ਵਾਲੇ ਲੋਕਾਂ ਲਈ ਕੁਝ ਕਰ ਸਕਦੇ ਹਾਂ। ਕਹਾਵਤ ਹੈ ਕਿ ਦੀਵਾ ਬਲੇ ਹਨੇਰਾ ਜਾਏ; ਅਸੀਂ ਰੌਸ਼ਨੀ ਦਿਲਾਂ ਵਿੱਚ ਜਗਾਉਣੀ ਹੈ, ਖ਼ੁਸ਼ੀ ਵੰਡਣੀ ਹੈ ਤਾਂ ਕਿ ਮਨੁੱਖਤਾ ਜਿਊਂਦੀ ਰਹਿ ਸਕੇ। ਦੀਵਾ ਪ੍ਰਤੀਕ ਹੈ ਗਿਆਨ ਦਾ! ਆਓ ਸੰਵੇਦਨਸ਼ੀਲ ਬਣੀਏ, ਆਪਣੇ ਅੰਦਰ ਦੇ ਦੀਵੇ ਜਗਾਈਏ ਤੇ ਦੀਵਾਲੀ ਮਨਾਈਏ। ਭਵਿੱਖ ਵਿੱਚ ਜਦੋਂ ਵੀ ਤਿਉਹਾਰ ਮਨਾਈਏ ਤਾਂ ਸੂਝ ਬੂਝ ਨਾਲ ਇਸ ਤਰ੍ਹਾਂ ਮਨਾਈਏ ਕਿ ਸਮਾਜ ਦਾ ਭਲਾ ਹੋ ਜਾਵੇ, ਦੁਨੀਆ ਵਿੱਚ ਪਿਆਰ ਵਧੇ। ਇਕੱਠ ਤਾਂ ਉਂਜ ਹੀ ਬਥੇਰੇ ਹੋ ਜਾਂਦੇ ਹਨ, ਪਰ ਆਪਣੇ ਤਿਉਹਾਰਾਂ ਨੂੰ ਜਾਗਰੂਕ ਹੋ ਕੇ ਮਨਾਉਣ ਦੀ ਜ਼ਰੂਰਤ ਹੈ।

ਦੀਵੇ ਨਾਲ ਦੀਵਾ ਜਗਦਾ ਏ! ਰੌਸ਼ਨੀ ਲਈ ਤਾਂ ਇੱਕ ਦੀਪ ਹੀ ਕਾਫ਼ੀ ਹੈ; ਅਸੀਂ ਇਸ ਨੂੰ ਜਗਾਉਣ ਦੀ ਪਹਿਲ ਕਰੀਏ ਅਤੇ ਫੇਰ ਮਾਣ ਨਾਲ ਇੱਕ ਦੂਜੇ ਨੂੰ ਮੁਬਾਰਕਬਾਦ ਦੇਈਏ। ਮੰਡੀ ਨੇ ਤਿਉਹਾਰਾਂ ਦੀ ਅਸਲੀ ਰੂਹ ਖ਼ਤਮ ਕਰ ਕੇ ਰੱਖ ਦਿੱਤੀ ਹੈ। ਆਓ! ਇਸ ਨੂੰ ਪੁਨਰਜੀਵਤ ਕਰੀਏ ਅਤੇ ਤਿਉਹਾਰ ਮਨਾਏ ਜਾਣ ਦੇ ਪਿੱਛੇ ਦੇ ਮਕਸਦ ਨੂੰ ਸਮਝੀਏ :

ਚਲੋ ਇਸ ਵਾਰ ਰੌਸ਼ਨ ਇਸ ਤਰ੍ਹਾਂ ਦੀਵਾਲੀਆਂ ਕਰੀਏ!

ਧੁਆਂਖੇ ਰਿਸ਼ਤਿਆਂ ਦੇ ਕੌਲ਼ਿਆਂ ’ਤੇ ਮੁਆਫ਼ੀਆਂ ਧਰੀਏ!

ਸੰਪਰਕ: 416-605-3784 (ਟੋਰਾਂਟੋ)

Leave a Reply