ਝੋਨੇ ’ਚ ‘ਨਮੀ’ ਕਾਰਨ ਮੰਡੀਆਂ ’ਚ ਸੁੱਕਣੇ ਪਿਆ ਕਿਸਾਨ

1

ਸ਼ਗਨ ਕਟਾਰੀਆ

ਬਠਿੰਡਾ, 23 ਅਕਤੂਬਰ

ਪੰਜਾਬ ਦੀਆਂ ਬਹੁਤੀਆਂ ਅਨਾਜ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗਣ ਕਾਰਨ ਤਿਲ਼ ਸੁੱਟਣ ਨੂੰ ਜਗ੍ਹਾ ਨਹੀਂ। ਖ਼ਰੀਦ ਏਜੰਸੀਆਂ ਝੋਨੇ ’ਚ ਨਮੀ ਕਾਰਨ ਜਿਣਸ ਖ਼ਰੀਦਣ ਤੋਂ ਕਿਨਾਰਾ ਕਰ ਰਹੀਆਂ ਹਨ। ਇਸ ਸਮੱਸਿਆ ਬਾਰੇ ਅੱਜ ਇਥੋਂ ਦੀ ਦਾਣਾ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ, ਸੀਨੀਅਰ ਆਗੂ ਅੰਮ੍ਰਿਤਪਾਲ ਅਗਰਵਾਲ ਤੇ ਸਾਥੀਆਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ ਲਈ ਖੁੱਲ੍ਹਾ ਦਰਬਾਰ ਲਾਇਆ ਗਿਆ। ਇਸ ਮੌਕੇ ਕਈ ਕਿਸਾਨਾਂ ਨੇ ਦੱਸਿਆ ਕਿ ਉਹ 15-15 ਦਿਨਾਂ ਤੋਂ ਮੰਡੀ ’ਚ ਬੈਠੇ ਹਨ ਪਰ ਵੱਧ ਨਮੀ ਦਾ ‘ਬਹਾਨਾ’ ਬਣਾ ਕੇ, ਉਨ੍ਹਾਂ ਦੀ ਫ਼ਸਲ ਦੀ ਬੋਲੀ ਨਹੀਂ ਲਾਈ ਜਾ ਰਹੀ। ਪਿੰਡ ਗੁਲਾਬਗੜ੍ਹ ਦੇ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਇਥੇ ਬੈਠਿਆਂ ਅੱਜ ਛੇਵਾਂ ਦਿਨ ਹੈ। ਉਪਰੋਂ ਮੌਸਮ ਮਾਹਿਰ ਅੱਜ ਤੇ ਭਲਕ ਮੀਂਹ ਪੈਣ ਦੀ ਭਵਿੱਖਬਾਣੀ ਕਰਕੇ ਸਾਹ ਸੁਕਾਈ ਜਾਂਦੇ ਹਨ। ਫ਼ੂਸ ਮੰਡੀ ਦੇ ਕਿਸਾਨ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਮੰਡੀ ’ਚ ਝੋਨਾ ਢੇਰੀ ਕੀਤੇ ਨੂੰ 10 ਦਿਨ ਹੋ ਗਏ ਹਨ ਪਰ ਅਜੇ ਵੀ ਵਿਕਣ ਦੀ ਕੋਈ ਵਾਈ-ਧਾਈ ਨਹੀਂ। ਕਈ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਝੋਨੇ ਨੂੰ ਸੁਕਾਉਣ ਲਈ ਢੇਰੀਆਂ ਸਾਰਾ ਦਿਨ ਹਿਲਾ-ਹਿਲਾ ਕੇ ਥੱਕ ਗਏ ਹਨ। ਸਵੇਰੇ ਤ੍ਰੇਲ ਪੈਂਦੀ ਹੈ ਤਾਂ ਮੁੜ ਨਮੀ ਦੀ ਮਾਤਰਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਖੇਤਾਂ ’ਚੋਂ ਸਿਰਫ 50 ਫੀਸਦੀ ਫ਼ਸਲ ਦੀ ਕਟਾਈ ਹੋਈ ਹੈ ਅਤੇ ਉੱਪਰੋਂ ਨੀਲੀ ਛੱਤ ਵਾਲਾ ਰੰਗ ਵਟਾ ਕੇ ਬੱਦਲਵਾਈ ਕਰਦਾ ਹੈ ਤਾਂ ਜਾਨ ਹੋਰ ਵੀ ਮੁੱਠੀ ’ਚ ਆ ਜਾਂਦੀ ਹੈ। ਉਨ੍ਹਾਂ ਨਮੀ ਮਾਪਣ ਵਾਲੇ ਮੀਟਰਾਂ ’ਚ ਸਮਾਨਤਾ ਨਾ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਕੋ ਢੇਰੀ ਨੂੰ ਵੱਖ-ਵੱਖ ਮੀਟਰਾਂ ’ਤੇ ਜਾਂਚਣ ’ਤੇ ਨਮੀ ਦਾ ਸਕੇਲ ਵੀ ਅੱਡੋ-ਅੱਡ ਆਵੇਗਾ। ਉਨ੍ਹਾਂ ਖ਼ਰੀਦ ਏਜੰਸੀਆਂ ਅਤੇ ਸ਼ੈਲਰਾਂ ਵਾਲਿਆਂ ਤੋਂ ਮੰਗ ਕੀਤੀ ਕਿ ਉਹ ਉੱਚ ਕੁਆਲਿਟੀ ਦੇ ਮੀਟਰਾਂ ਨਾਲ ਹੀ ਨਮੀ ਦੀ ਪੜਤਾਲ ਕਰਨ। ਕਿਸਾਨਾਂ ਨੇ ਇਹ ਮੰਗ ਪੁਰਜ਼ੋਰ ਨਾਲ ਕੀਤੀ ਕਿ ਸਰਕਾਰ ਵੱਲੋਂ ਨਿਸ਼ਚਿਤ ਸਲ੍ਹਾਬ ਦੀ ਮਾਤਰਾ ’ਚ ਛੋਟ ਦੇ ਕੇ ਕਿਸਾਨਾਂ ਦੀ ਫ਼ਸਲ ਫੌਰੀ ਚੁੱਕੀ ਜਾਵੇ।

ਉਧਰ ‘ਆਪ’ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਮੰਡੀਆਂ ’ਚ ਬੈਠੇ ਕਿਸਾਨਾਂ ਲਈ ਸਹੂਲਤਾਂ ਦੀ ਵਿਆਪਕ ਘਾਟ ਹੈ। ਉਨ੍ਹਾਂ ਕਿਹਾ ਡੇਂਗੂ ਦਾ ਪ੍ਰਕੋਪ ਜ਼ਿਲ੍ਹੇ ’ਚ ਜ਼ੋਰਾਂ ’ਤੇ ਹੈ ਪਰ ਮੰਡੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੰਡੀ ਬੋਰਡ ਨੇ ਇਥੇ ਕਲੋਰੋ ਵਗ਼ੈਰਾ ਦਵਾਈਆਂ ਦਾ ਛਿੜਕਾਅ ਨਹੀਂ ਕਰਵਾਇਆ। ਉਨ੍ਹਾਂ ਪੀਣ ਵਾਲੇ ਪਾਣੀ ਦੀ ਤੋਟ, ਪਖ਼ਾਨੇ ਘਰਾਂ ’ਚ ਗੰਦਗੀ, ਸਫ਼ਾਈ, ਰੌਸ਼ਨੀ ਦੀ ਕਮੀ ਵਰਗੇ ਇਲਜ਼ਾਮ ਵੀ ਲਾਏ। ਮਾਰਕੀਟ ਕਮੇਟੀ ਬਠਿੰਡਾ ਦੇ ਵਾਈਸ ਚੇਅਰਮੈਨ ਅਸ਼ੋਕ ਭੋਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਹਦਾਇਤਾਂ ਮੁਤਾਬਿਕ ਨਮੀ ਦੀ ਮਾਤਰਾ 17 ਪ੍ਰਤੀਸ਼ਤ ਨਿਰਧਾਰਤ ਹੈ। ਉਨ੍ਹਾਂ ਕਿਹਾ ਕਿ ਉਂਜ 17.5 ਪ੍ਰਤੀਸ਼ਤ ਨਮੀ ਵਾਲੀ ਫ਼ਸਲ ਵੀ ਖ਼ਰੀਦੀ ਜਾ ਰਹੀ ਹੈ ਅਤੇ ਇਸ ਤੋਂ ਵੱਧ ਨਮੀ ਵਾਲੇ ਝੋਨੇ ਦੀ ਖ਼ਰੀਦ ਏਜੰਸੀਆਂ ਬੋਲੀ ਨਹੀਂ ਲਾਉਂਦੀਆਂ। ਉਨ੍ਹਾਂ ‘ਆਪ’ ਆਗੂ ਵੱਲੋਂ ਮੰਡੀਆਂ ’ਚ ਪ੍ਰਬੰਧਾਂ ਦੀ ਘਾਟ ਨੂੰ ਨਕਾਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ।

 

 

Leave a Reply