ਕਾਂਗਰਸ ਵੱਲੋਂ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

1

ਦਵਿੰਦਰ ਪਾਲ

ਚੰਡੀਗੜ੍ਹ, 22 ਅਕਤੂਬਰ

ਕਾਂਗਰਸ ਨੇ ਰਾਜਸਥਾਨ ਸਰਕਾਰ ਦੇ ਮੰਤਰੀ ਹਰੀਸ਼ ਚੌਧਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਇਸ ਤਬਦੀਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ (ਆਰਗੇਨਾਈਜੇਸ਼ਨਲ) ਕੇ.ਸੀ. ਵੇਣੂ ਗੋਪਾਲ ਵੱਲੋਂ ਇਸ ਨਿਯੁਕਤੀ ਦਾ ਅੱਜ ਐਲਾਨ ਕੀਤਾ ਗਿਆ ਹੈ। ਉਤਰਾਖੰਡ ਨਾਲ ਸਬੰਧਤ ਕਾਂਗਰਸ ਆਗੂ ਹਰੀਸ਼ ਰਾਵਤ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ। ਰਾਵਤ ਨੇ ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਇਸ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਪੰਜਾਬ ਤੇ ਉਤਰਾਖੰਡ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਸਮੇਂ ਹੀ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਚੌਧਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਭਰੋਸੇਯੋਗ ਮੰਨਿਆ ਜਾਂਦਾ ਹੈ।

ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਾਲ 2017 ਦੀਆਂ ਚੋਣਾਂ ਦੌਰਾਨ ਵੀ ਚੌਧਰੀ ਪੰਜਾਬ ਮਾਮਲਿਆਂ ਦੇ ਸਹਿ- ਇੰਚਾਰਜ ਸਨ ਤੇ ਸਾਲ 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਇਸ ਆਗੂ ਨੂੰ ਮੁੜ ਪੰਜਾਬ ਦੀ ਸਿਆਸਤ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਹਰੀਸ਼ ਚੌਧਰੀ ਪਿਛਲੇ ਦੋ ਕੁ ਮਹੀਨਿਆਂ ਤੋਂ ਪੰਜਾਬ ਕਾਂਗਰਸ ਦੇ ਸਿਆਸੀ ਕੰਮਾਂ ਦੀ ਨਿਗਰਾਨ ਵਜੋਂ ਦੇਖ-ਰੇਖ ਕਰ ਰਹੇ ਸਨ। ਸੂਬੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਇਸ ਆਗੂ ਦੀ ਕਾਂਗਰਸ ਦੇ ਨਿਗਰਾਨ ਵਜੋਂ ਅਹਿਮ ਭੂਮਿਕਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਸਬੰਧ ਸੁਧਾਰਨ ਅਤੇ ਸਰਕਾਰ ਤੇ ਪਾਰਟੀ ਦਰਮਿਆਨ ਤਾਲਮੇਲ ਬਿਠਾਉਣ ਲਈ ਵੀ ਹਰੀਸ਼ ਚੌਧਰੀ ਲਗਾਤਾਰ ਸੂਤਰਧਾਰ ਵਜੋਂ ਕੰਮ ਕਰ ਰਹੇ ਹਨ। ਪਿਛਲੇ ਇੱਕ ਮਹੀਨੇ ਦੇ ਸਮੇਂ ਦੌਰਾਨ ਉਨ੍ਹਾਂ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨਾਲ ਲਗਾਤਾਰ ਕਈ ਮੀਟਿੰਗਾਂ ਕੀਤੀਆਂ।

ਕਾਂਗਰਸ ਨੇ 26 ਨੂੰ ਜਨਰਲ ਸਕੱਤਰਾਂ ਤੇ ਪ੍ਰਦੇਸ਼ ਪ੍ਰਧਾਨਾਂ ਦੀ ਮੀਟਿੰਗ ਸੱਦੀ

ਨਵੀਂ ਦਿੱਲੀ: ਕਾਂਗਰਸ ਨੇ ਮੈਂਬਰਸ਼ਿਪ ਮੁਹਿੰਮ ਤੇ ਮਹਿੰਗਾਈ ਦੇ ਮੁੱਦੇ ’ਤੇ ਸ਼ੁਰੂ ਹੋਣ ਵਾਲੀ ਮੁਹਿੰਮ ਅਤੇ ਅਗਲੇ ਵਰ੍ਹੇ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਚਰਚਾ ਕਰਨ ਲਈ 26 ਅਕਤੂਬਰ ਨੂੰ ਜਨਰਲ ਸਕੱਤਰਾਂ, ਪ੍ਰਦੇਸ਼ ਪ੍ਰਧਾਨਾਂ ਅਤੇ ਸੂਬਾਈ ਇਕਾਈਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਸੱਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਇਸ ਸਬੰਧੀ ਜਨਰਲ ਸਕੱਤਰਾਂ, ਇੰਚਾਰਜਾਂ ਅਤੇ ਪ੍ਰਦੇਸ਼ ਪ੍ਰਧਾਨਾਂ ਨੂੰ ਪੱਤਰ ਭੇਜਿਆ ਗਿਆ ਹੈ। ਇਹ ਮੀਟਿੰਗ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ। -ਪੀਟੀਆਈ 

Leave a Reply