ਐੱਨਸੀਬੀ ਮੇਰੀਆਂ ਵਟਸਐਪ ਚੈਟਸ ਦੇ ਗਲਤ ਮਤਲਬ ਕੱਢ ਰਹੀ ਹੈ: ਆਰੀਅਨ

0

ਮੁੰਬਈ, 22 ਅਕਤੂਬਰ

ਡਰੱਗਜ਼ ਕੇਸ ’ਚ ਫਸੇ ਆਰੀਅਨ ਖ਼ਾਨ ਨੇ ਦੋਸ਼ ਲਾਇਆ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਉਸ ਦੀਆਂ ਵਟਸਐਪ ਚੈਟਸ ਦੇ ਗਲਤ ਮਤਲਬ ਕੱਢ ਰਿਹਾ ਹੈ ਤਾਂ ਜੋ ਉਸ ਨੂੰ ਫਸਾਇਆ ਜਾ ਸਕੇ। ਬੰਬੇ ਹਾਈ ਕੋਰਟ ’ਚ ਦਿੱਤੀ ਜ਼ਮਾਨਤ ਅਰਜ਼ੀ ’ਚ ਆਰੀਅਨ ਨੇ ਇਹ ਦੋਸ਼ ਲਾਏ ਹਨ। ਜੇਲ੍ਹ ’ਚ ਬੰਦ ਆਰੀਅਨ ਖ਼ਾਨ ਦੇ ਵਕੀਲਾਂ ਨੇ ਬੁੱਧਵਾਰ ਨੂੰ ਹਾਈ ਕੋਰਟ ਦਾ ਰੁਖ ਕੀਤਾ ਹੈ। ਹਾਈ ਕੋਰਟ ਵੱਲੋਂ 26 ਅਕਤੂਬਰ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। ਆਰੀਅਨ ਨੇ ਕਿਹਾ ਹੈ ਕਿ ਉਸ ਦੇ ਮੋਬਾਈਲ ਫੋਨ ਤੋਂ ਵਟਸਐਪ ਚੈਟ ਇਕੱਠੀਆਂ ਕਰਨਾ ਗਲਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਕੀਤਾ ਗਿਆ ਹੈ ਅਤੇ ਉਸ ਦਾ ਅਰਬਾਜ਼ ਮਰਚੈਂਟ ਤੇ ਅਚਿਤ ਕੁਮਾਰ ਨੂੰ ਛੱਡ ਕੇ ਹੋਰ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਹੈ। ਐੱਨਸੀਬੀ ਨੇ ਇਸ ਮਾਮਲੇ ’ਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਵਟਸਐਪ ਚੈਟ ਨੂੰ ਸਜ਼ਾ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਕਰੂਜ਼ ’ਤੇ ਵਾਪਰੀ ਘਟਨਾ ਨਾਲ ਜੋੜਿਆ ਜਾ ਸਕਦਾ ਹੈ। ਆਰੀਅਨ ਖ਼ਾਨ ਨੇ ਵਿਸ਼ੇਸ਼ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। -ਪੀਟੀਆਈ

ਐੱਨਸੀਬੀ ਵੱਲੋਂ ਅਨੰਨਿਆ ਤੋਂ ਦੂਜੇ ਦਿਨ ਵੀ ਪੁੱਛ-ਗਿੱਛ

ਮੁੰਬਈ ’ਚ ਐੱਨਸੀਬੀ ਦੇ ਦਫ਼ਤਰ ’ਚ ਪਹੁੰਚਦੀ ਹੋਈ ਅਨੰਨਿਆ ਪਾਂਡੇ। -ਫੋਟੋ: ਪੀਟੀਆਈ

ਮੁੰਬਈ:ਬੌਲੀਵੁੱਡ ਅਦਾਕਾਰ ਅਨੰਨਿਆ ਪਾਂਡੇ ਨੇ ਅੱਜ ਲਗਾਤਾਰ ਦੂਜੇ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅੱਗੇ ਪੇਸ਼ ਹੋ ਕੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨਾਲ ਕਥਿਤ ਆਪਣੀ ਵਟਸਐਪ ਚੈਟ ਨੂੰ ਲੈ ਕੇ ਬਿਆਨ ਕਲਮਬੰਦ ਕਰਵਾਏ। ਜਾਂਚ ਏਜੰਸੀ ਨੇ ਅਨੰਨਿਆ ਤੋਂ 4 ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਅਦਾਕਾਰਾ ਨੂੰ ਸੋਮਵਾਰ ਨੂੰ ਮੁੜ ਜਾਂਚ ਿਵੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਆਰੀਅਨ ਖ਼ਾਨ ਕਰੂਜ਼ ਡਰੱਗਜ਼ ਕੇਸ ਵਿੱਚ ਪਹਿਲਾਂ ਹੀ ਐਨਸੀਬੀ ਦੀ ਗ੍ਰਿਫਤ ਵਿੱਚ ਹੈ ਤੇ ਇਸ ਵੇਲੇ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਕੇਂਦਰੀ ਏਜੰਸੀ ਨੇ ਅੱਜ ਲਗਾਤਾਰ ਦੂਜੇ ਦਿਨ ਅਨੰਨਿਆ ਪਾਂਡੇੇ ਤੋਂ ਪੁੱਛ-ਪੜਤਾਲ ਕੀਤੀ। ਉਂਜ ਇਸ ਮੌਕੇ ਅਨੰਨਿਆ ਦੇ ਪਿਤਾ ਤੇ ਅਦਾਕਾਰ ਚੰਕੀ ਪਾਂਡੇ ਵੀ ਮੌਜੂਦ ਸਨ। ਦੋਵੇਂ ਪਿਉ-ਧੀ ਅੱਜ ਦੁਪਹਿਰੇ 2:20 ਵਜੇ ਦੇ ਕਰੀਬ ਦੱਖਣੀ ਮੁੰਬਈ ਸਥਿਤ ਬਲਾਰਡ ਐਸਟੇਟ ਵਿਚਲੇ ਐਂਟੀ ਡਰੱਗ ਏਜੰਸੀ ਦੇ ਦਫ਼ਤਰ ਪੁੱਜੇ ਸਨ। ਦਫ਼ਤਰ  ਦੇ ਬਾਹਰ ਵੱਡੀ ਗਿਣਤੀ ਪੱਤਰਕਾਰਾਂ ਦੀ ਮੌਜੂਦਗੀ ਕਰਕੇ ਥਾਂ ਥਾਂ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਪੁਲੀਸ ਅਮਲੇ ਦੀ ਨਫਰੀ ਵੀ ਆਮ ਨਾਲੋਂ ਵੱਧ ਸੀ। ਐੱਨਸੀਬੀ ਕਰੂਜ਼ ਡਰੱਗਜ਼ ਕੇਸ ਵਿੱਚ ਹੁਣ ਤੱਕ ਆਰੀਅਨ ਖ਼ਾਨ ਤੇ 19 ਹੋਰਨਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦੌਰਾਨ ਐੈੱਨਸੀਬੀ ਹੱਥ ਆਰੀਅਨ ਖ਼ਾਨ ਤੇ ਅਨੰਨਿਆ ਪਾਂਡੇ ਦੀ ਵੱਟਸਐਪ ਚੈਟ ਲੱਗੀ ਸੀ। ਸੂਤਰਾਂ ਅਨੁਸਾਰ ਐੱਨਸੀਬੀ ਅਧਿਕਾਰੀ ਇਸ ਚੈਟ ਨੂੰ ਲੈ ਕੇ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ, ਜਿਸ ਕਰਕੇ ਅਨੰਨਿਆ ਨੂੰ ਸੰਮਨ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਏਜੰਸੀ ਅਧਿਕਾਰੀਆਂ ਨੇ ਅਦਾਕਾਰਾ ਤੋਂ ਲੰਘੇ ਦਿਨ ਦੋ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਸੀ। ਐੱਨਸੀਬੀ ਨੇ ਅਨੰਨਿਆ ਦਾ ਲੈਪਟਾਪ ਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਸੀ। -ਪੀਟੀਆਈ

Leave a Reply