ਹਰਿਆਣਾ: ਸੜਕ ਹਾਦਸੇ ’ਚ 9 ਹਲਾਕ

0

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 22 ਅਕਤੂਬਰ

ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿਚ ਅੱਜ ਤੜਕੇ ਬਹਾਦਰਗੜ੍ਹ ਨੇੜੇ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸਵੇਅ ‘ਤੇ ਚਾਰ ਵਾਹਨਾਂ ਦੀ ਟੱਕਰ ਕਾਰਨ ਹਾਦਸੇ ਵਿੱਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਬੱਚਾ ਅਤੇ ਤਿੰਨ ਔਰਤਾਂ ਵੀ ਸ਼ਾਮਲ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਲੱਗਪਗ ਤੜਕੇ 3.30 ਵਜੇ ਵਾਪਰਿਆ ਜਦੋਂ ਐਰਟਿਗਾ ਕਾਰ ਵਿੱਚ ਸਵਾਰ 11 ਜਣੇ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਨੂੰ ਜਾ ਰਹੇ ਸਨ।

ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਡਰਾਈਵਰ ਨੇ ਇੱਕ ਕਾਲ ਦਾ ਜਵਾਬ ਦੇਣ ਲਈ ਬਾਦਲੀ ਅਤੇ ਫਾਰੂਕਨਗਰ ਵਿਚਾਲੇ ਇੱਕ ਖੜ੍ਹੇ ਟਰੱਕ ਦੇ ਪਿੱਛੇ ਕਾਰ ਰੋਕ ਦਿੱਤੀ। ਇਸੇ ਦੌਰਾਨ ਪਿਛਲੇ ਪਾਸਿਉਂ ਆਏ ਇੱਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰੇ ਜਾਣ ਕਾਰਨ 8 ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਬਾਅਦ ਵਿੱਚ ਇੱਕ ਈਕੋ ਕਾਰ ਰਾਹੀਂ ਲੰਘ ਰਹੇ 7 ਜਣੇ ਉੱਥੇ ਰੁਕੇ ਅਤੇ ਹਾਦਸੇ ਦਾ ਪਤਾ ਲੱਗਿਆ। ਇਸ ਕਾਰ ਨੂੰ ਵੀ ਪਿਛੋਂ ਆਏ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਇਸ ਕਾਰ ਦੇ ਸਵਾਰਾਂ ਵਿੱਚੋਂ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਕੁਝ ਹੋਰ ਜ਼ਖ਼ਮੀ ਹੋ ਗਏ। ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ ਅਤੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply