ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

0

ਗੁਰਬਖਸ਼ਪੁਰੀ

ਤਰਨ ਤਾਰਨ, 22 ਅਕਤੂਬਰ 

ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਨੇੜੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ (40) ਨਾਂ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਹੋਇਆ ਨੌਜਵਾਨ ਸਰਹੱਦੀ ਜ਼ਿਲ੍ਹੇ ਤਰਨ ਤਰਾਨ ਦੇ ਪਿੰਡ ਚੀਮਾ ਕਲਾਂ ਰਹਿੰਦਾ ਸੀ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ। ਘਟਨਾ ਦੀ ਜਾਂਚ-ਪੜਤਾਲ ਕਰਨ ਤੇ ਪਿੰਡ ਸਮੇਤ ਇਲਾਕੇ ’ਚੋਂ ਹੋਰ ਤੱਥ ਇਕੱਤਰ ਕਰਨ ਲਈ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਗਠਿਤ ਪੰਜ-ਮੈਂਬਰੀ ਟੀਮ ਦੇ ਦੋ ਮੈਂਬਰਾਂ ਨੇ ਵੀ ਪਿੰਡ ਵਿੱਚ ਡੇਰਾ ਲਾਇਆ ਹੋਇਆ ਹੈ। ਇਸ ਦੌਰਾਨ ਹਰਿਆਣਾ ਪੁਲੀਸ ਦੀ ਟੀਮ ਵੀ ਜਾਂਚ ਲਈ ਤਰਨ ਤਾਰਨ ਪਹੁੰਚ ਗਈ ਹੈ। ਟੀਮ ਵਲੋਂ ਪਿੰਡ ਹਵੇਲੀਆਂ ਦਾ ਵੀ ਦੌਰਾ ਕੀਤਾ ਗਿਆ ਤੇ ਪਰਗਟ ਸਿੰਘ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ। ਸਿੰਘੂ ਕਤਲਕਾਂਡ ਦੀ ਜਾਂਚ ਕਰਨ ਵਾਲੀਆਂ ਧਿਰਾਂ ਦਾ ਸਾਰਾ ਧਿਆਨ ਇਸ ਵੇਲੇ ਇਸ ਗੱਲ ’ਤੇ ਹੈ ਕਿ ਲਖਬੀਰ ਸਿੰਘ ਆਪਣੇ ਪਿੰਡ ਤੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ ਕਿੰਨ੍ਹਾਂ ਹਾਲਾਤ ਵਿੱਚ ਪੁੱਜਾ। ਲਖਬੀਰ ਸਿੰਘ ਵਲੋਂ ਵਰਤੇ ਜਾਂਦੇ ਮੋਬਾਈਲ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਲਖਬੀਰ ਸਿੰਘ ਦੀ ਮਾਲੀ ਹਾਲਤ ਮੋਬਾਈਲ ਖਰੀਦਣ ਦੀ ਨਹੀਂ ਸੀ, ਜਿਸ ਕਰਕੇ  ਉਸ ਕੋਲ ਆਪਣਾ ਮੋਬਾਈਲ ਫੋਨ ਤੱਕ ਨਹੀਂ ਸੀ| ਇਕ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਕਿਸੇ ਬਾਹਰਲੇ ਵਿਅਕਤੀ ਨਾਲ ਗੱਲਬਾਤ ਕਰਨ ਲਈ ਆਪਣੀ ਭੈਣ ਰਾਜ ਕੌਰ ਦੇ ਮੋਬਾਈਲ ਦੀ ਹੀ ਵਰਤੋਂ ਕਰਦਾ ਹੁੰਦਾ ਸੀ। ਹਾਲਾਂਕਿ ਰਾਜ ਕੌਰ ਨੇ ਕਿਹਾ ਕਿ ਲਖਬੀਰ ਜ਼ਿਆਦਾ ਕਰਕੇ ਬਾਹਰੋਂ ਕਿਸੇ ਦਾ ਮੋਬਾਈਲ ਲੈ ਕੇ ਆਉਂਦਾ ਸੀ। ਪੰਜਾਬ ਸਰਕਾਰ ਦੀ ਤਿੰਨ-ਮੈਂਬਰੀ ਟੀਮ (ਸਿੱਟ) ਦੇ ਮੈਂਬਰ ਤੇ ਇਥੋਂ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਟੀਮ ਨੇ ਜਾਂਚ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ| ਉਨ੍ਹਾਂ ਦੱਸਿਆ ਕਿ ਟੀਮ ਲਖਬੀਰ ਸਿੰਘ ਦੇ ਦਿੱਲੀ ਦੇ ਸਿੰਘੂ ਬਾਰਡਰ ਤੱਕ ਪਹੁੰਚਣ ਦੀ ਜਾਣਕਾਰੀ ਇਕੱਤਰ ਕਰ ਰਹੀ ਹੈ ਕਿ ਉਹ ਕਿਸ ਸਾਧਨ ਤੇ ਅਤੇ ਕਿਸ ਦੇ ਨਾਲ ਦਿੱਲੀ ਦੇ ਬਾਰਡਰ ਤੱਕ ਪਹੁੰਚਿਆ। ਅਧਿਕਾਰੀ ਨੇ ਹੋਰ ਵੇਰਵਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ‘ਸਿੱਟ’ ਦੀ ਰਿਪੋਰਟ ਮੁਕੰਮਲ ਹੋਣ ਮਗਰੋਂ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ| ਸਰਕਾਰ ਨੇ ਇਹ ਟੀਮ ਸਹਾਇਕ ਡਾਇਰੈਕਟਰ ਜਨਰਲ ਆਫ਼ ਪੁਲੀਸ-ਕਮ-ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਗਠਿਤ ਕੀਤੀ ਹੈ, ਜਿਸ ਦੇ ਤੀਸਰੇ ਮੈਂਬਰ ਇੰਦਰਬੀਰ ਸਿੰਘ ਡੀਆਈਜੀ ਫਿਰੋਜ਼ਪੁਰ ਹਨ| ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੀ ਟੀਮ ਦੇ ਦੋ ਮੈਂਬਰ ਕੰਵਲਪ੍ਰੀਤ ਸਿੰਘ ਪੰਨੂ ਅਤੇ ਪਰਗਟ ਸਿੰਘ ਜਾਮਾਰਾਏ ਵਲੋਂ ਇਸ ਘਟਨਾ ਲਈ ਸਬੂਤ ਇਕੱਤਰ ਕੀਤੇ ਜਾ ਰਹੇ ਹਨ। ਸ੍ਰੀ ਪੰਨੂ ਨੇ ਕਿਹਾ ਕਿ ਜਾਂਚ ਦੇ ਘੇਰੇ ਵਿੱਚ ਮ੍ਰਿਤਕ ਦਾ ਪਿਛੋਕੜ, ਟੀਮ ਵਲੋਂ ਲਖਬੀਰ ਸਿੰਘ ਦੀਆਂ ਸਰਗਰਮੀਆਂ ਦਾ ਘੇਰਾ ਅਤੇ ਉਸ ਦੀ ਦਿੱਲੀ ਤੱਕ ਪਹੁੰਚ ਬਣਾਉਣ ਵਾਲੇ ਸੂਤਰ ਆਦਿ ਦੀ ਜਾਣਕਰੀ ਇਕੱਤਰ ਕੀਤੀ ਜਾਣੀ ਹੈ।

‘ਲਖਬੀਰ ਦੇ ਬਾਹਰੀ ਵਿਅਕਤੀਆਂ ਨਾਲ ਤਾਰ ਜੁੜਨ ਮਗਰੋਂ ਹੀ ਭਾਣਾ ਵਾਪਰਿਆ’

ਮ੍ਰਿਤਕ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਲਖਬੀਰ ਸਿੰਘ ਦੇ ਬਾਹਰਲੇ ਵਿਅਕਤੀਆਂ ਨਾਲ ਜੁੜੇ ਸੰਪਰਕਾਂ ਦੇ ਹਫਤੇ ਦਸ ਦਿਨ ਦੇ ਅੰਦਰ ਹੀ ਇਹ ਸਾਰਾ ਭਾਣਾ ਵਾਪਰ ਗਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਕੋਈ ਬਾਹਰਲਾ ਵਿਅਕਤੀ ਰਾਤ ਨਹੀਂ ਕੱਟ ਸਕਦਾ। ਰਾਜ ਕੌਰ ਨੇ ਕਿਹਾ ਕਿ ਲਖਬੀਰ ਸਿੰਘ ਉਸ ਕੋਲੋਂ 50 ਰੁਪਏ ਲੈ ਕੇ ਕੰਮ ਕਰਨ ਲਈ ਝਬਾਲ ਤੱਕ ਬੱਸ ’ਤੇ ਬੈਠ ਕੇ ਗਿਆ ਅਤੇ ਬੱਸ ਵਿੱਚ ਉਸ ਨਾਲ ਪਿੰਡ ਦੀਆਂ ਹੋਰ ਸਵਾਰੀਆਂ ਵੀ ਬੈਠੀਆਂ ਸਨ।

  

Leave a Reply