ਤੀਹਰੇ ਕਤਲ ਕਾਂਡ ਵਿੱਚ ਪਤੀ ਤੇ ਸਾਥੀ ਗ੍ਰਿਫ਼ਤਾਰ

0

ਕੁਲਵਿੰਦਰ ਕੌਰ ਦਿਓਲ

ਫਰੀਦਾਬਾਦ, 21 ਅਕਤੂਬਰ

ਇੱਥੋਂ ਦੇ ਧੌਜ ਥਾਣਾ ਇਲਾਕੇ ਦੇ ਪਿੰਡ ਮੋਹਤਾਬਾਦ ਗੋਠੜਾ ’ਚ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਪਤਨੀ, ਸੱਸ ਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਨੀਰਜ ਵਜੋਂ ਹੋਈ ਹੈ ਜਿਸਨੇ ਆਪਣੇ ਦੋਸਤ ਲੇਖਰਾਜ ਨਾਲ ਮਿਲ ਰਾਤ ਸਮੇਂ ਪਤਨੀ ਆਇਸ਼ਾ, ਸੱਸ ਸੁਮਨ ਤੇ ਸਾਲੇ ਗਗਨ ਅਤੇ ਉਸ ਦੇ ਦੋਸਤ ਰਾਜਨ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਫ਼ਰਾਰ ਹੋ ਗਏ। ਆਇਸ਼ਾ, ਸੁਮਨ ਤੇ ਰਾਜਨ ਦੀ ਮੌਤ ਹੋ ਗਈ ਜਦੋਂ ਕਿ ਗਗਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਨਿੱਜੀ ਹਸਪਤਾਲ ਵਿੱਚ ਜੇਰੇ-ਇਲਾਜ ਹੈ। ਪੁਲੀਸ ਨੇ ਦੱਸਿਆ ਕਿ ਨੀਰਜ ਤੇ ਲੇਖਰਾਜ ਵਾਰਦਾਤ ਦੇ ਕੁਝ ਘੰਟਿਆਂ ਮਗਰੋਂ ਹੀ ਗ੍ਰਿਫ਼ਤਾਰ ਕਰ ਲਿਆ। ਕਥਿਤ ਮੁਲਜ਼ਮ ਐੱਨਆਈਟੀ ਵਿੱਚ ਕਾਜ਼-ਬਟਣ ਦਾ ਕੰਮ ਕਰਦਾ ਹੈ ਤੇ ਲੇਖਰਾਜ ਦਰਜ਼ੀ ਹੈ। ਨੀਰਜ ਦੀ ਪਤਨੀ ਆਇਸ਼ਾ ਨਾਲ ਅਣਬਣ ਸੀ ਤੇ ਉਹ ਕਰੀਬ ਇੱਕ ਸਾਲ ਤੋਂ ਧੌਜ ’ਚ ਕਿਰਾਏ ’ਤੇ ਰਹਿੰਦੇ ਪੇਕੇ ਪਰਿਵਾਰ ਨਾਲ ਰਹਿੰਦੀ ਸੀ। ਪੁਲੀਸ ਮੁਤਾਬਕ ਨੀਰਜ ਪਤਨੀ ਦੇ ਚਾਲ-ਚਲਣ ਉਪਰ ਸ਼ੱਕ ਕਰਦਾ ਸੀ ਤੇ ਨੀਰਜ ਨੇ ਸਾਲੇ ਗਗਨ ਤੋਂ ਪੈਸੇ ਵੀ ਲੈਣੇ ਸਨ ਜਿਸ ਕਰ ਕੇ ਪਰਿਵਾਰ ’ਚ ਤਕਰਾਰ ਰਹਿੰਦੀ ਸੀ। ਉਸ ਕੋਲੋਂ ਵਾਰਦਾਤ ਲਈ ਵਰਤੀ ਗਈ ਮੋਟਰਸਾਈਕਲ ਤੇ ਦੋ ਦੇਸੀ ਪਿਸਤੌਲ ਬਰਾਮਦ ਕਰ ਲਏ ਹਨ। ਜ਼ਖ਼ਮੀ ਗਗਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਗਨ ਤੇ ਉਸ ਦਾ ਦੋਸਤ ਰਾਜਨ ਰਾਤ ਸਮੇਂ ਧਾਰਮਿਕ ਸਮਾਗਮ ਤੋਂ ਘਰ ਪਰਤੇ ਸਨ ਤੇ ਰਾਜਨ ਰਾਤ ਨੂੰ ਉੱਥੇ ਹੀ ਸੌਂ ਗਿਆ ਸੀ। ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਵੱਲੋਂ ਪੁਲੀਸ ਟੀਮ ਨੂੰ ਛੇਤੀ ਗ੍ਰਿਫ਼ਤਾਰੀ ਕਰਨ ਲਈ ਨਕਦ ਇਨਾਮ ਤੇ ਪ੍ਰਥਮ ਸ਼੍ਰੇਣੀ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ। 

ਚਾਕੂ ਦਿਖਾ ਕੇ ਨਗਦੀ ਖੋਹਣ ਵਾਲਾ ਗ੍ਰਿਫ਼ਤਾਰ

ਰਤੀਆ: ਸ਼ਹਿਰ ਦੇ ਬੁਢਲਾਡਾ ਰੋਡ ’ਤੇ ਸਥਿਤ ਪਾਰਕ ਦੇ ਸਾਹਮਣੇ ਚਾਕੂ ਦਿਖਾ ਕੇ ਤੇ ਇਕ ਰੇਹੜੀ ਚਾਲਕ ਤੋਂ ਨਗਦੀ ਖੋਹਣ ਦੇ ਮਾਮਲੇ ’ਚ ਪੁਲੀਸ ਨੇ ਜਿੱਥੇ ਇਕ ਦਿਨ ਪਹਿਲਾਂ 2 ਨਬਾਲਗਾਂ ਨੂੰ ਜੇਲ੍ਹ ਭੇਜ ਦਿੱਤਾ ਸੀ, ਉਥੇੇ ਹੀ ਪੁਲੀਸ ਵਲੋਂ ਮਾਰੇ ਛਾਪੇ ਉਪਰੰਤ ਮੁੱਖ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਂ ਅੰਕਿਤ ਵਜੋਂ ਹੋਈ ਹੈ ਜਿਸਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ, ਉਥੇ ਹੀ ਮੋਟਰਸਾਈਕਲ ਦੇ ਨਾਲ-ਨਾਲ ਤਿੰਨਾਂ ਮੁਲਜ਼ਮਾਂ ਤੋਂ ਕੁਝ ਨਗਦੀ ਵੀ ਬਰਾਮਦ ਕਰ ਲਈ ਹੈ। ਪੁਲੀਸ ਨੇ ਮੁਲਜ਼ਮ ਅੰਕਿਤ ਨੂੰ ਅੱਜ ਰਤੀਆ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ ਹੈ। ਸ਼ਹਿਰ ਥਾਣਾ ਇੰਚਾਰਜ ਰੁਪੇਸ਼ ਚੌਧਰੀ ਤੋਂ ਇਲਾਵਾ ਬੀਟ ਅਧਿਕਾਰੀ ਸਹਾਇਕ ਉਪ ਨਿਰੀਖਕ ਦਿਆ ਰਾਮ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 1 ਦੇ ਜਸਵਿੰਦਰ ਸਿੰਘ ਨੇ ਸ਼ਿਕਾਇਤ ਦਿੰਦੇ ਦੱਸਿਆ ਸੀ ਕਿ ਐਤਵਾਰ ਰਾਤ ਕਰੀਬ 10 ਵਜੇ ਜਦੋਂ ਉਹ ਆਂਡੇ ਵੇਚ ਕੇ ਘਰ ਜਾ ਰਿਹਾ ਸੀ ਤਾਂ ਸ਼ਹਿਰ ਦੇ ਬੁਢਲਾਡਾ ਰੋਡ ’ਤੇ ਸਥਿਤ ਪਾਰਕ ਦੇ ਸਾਹਮਣੇ ਮੋਟਰਸਾਈਕਲ ਸਵਾਰ 3 ਨੌਜਵਾਨ ਉਸ ਨੂੰ ਰੋਕ ਕੇ ਚਾਕੂ ਦੀ ਨੋਕ ’ਤੇ 1200 ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। -ਪੱਤਰ ਪ੍ਰੇਰਕ      

Leave a Reply