ਟੀ20 ਵਿਸ਼ਵ ਕੱਪ: ਭਾਰਤ-ਪਾਕਿਸਤਾਨ ਮਹਾ ਮੁਕਾਬਲਾ ਅੱਜ

0

ਦੁਬਈ, 23 ਅਕਤੂਬਰ

ਕ੍ਰਿਕਟ ਜਗਤ ਦੀ ਵਰਤਮਾਨ ਪੀੜ੍ਹੀ ਦੇ ਬਿਹਤਰੀਨ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ਆਈਸੀਸੀ ਟੀ20 ਵਿਸ਼ਵ ਕੱਪ ਵਿਚ ਭਲਕੇ ਇੱਥੇ ਹੋਣ ਵਾਲੇ ਮਹਾ ਮੁਕਾਬਲੇ ਵਿਚ ਕੁਝ ਅਣਜਾਣ ਚਿਹਰਿਆਂ ਵਾਲੀ ਪਾਕਿਸਤਾਨੀ ਟੀਮ ਨੂੰ ਫਿਰ ਤੋਂ ਮਾਤ ਦੇਣ ਲਈ ਮੈਦਾਨ ਵਿਚ ਉਤਰੇਗੀ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਆਈਸੀਸੀ ਦੇ ਕਿਸੇ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਹੁੰਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਖੇਡ ਮੁਕਾਬਲੇ ਕਾਫ਼ੀ ਘੱਟ ਹੁੰਦੇ ਹਨ। ਇਸ ਮੁਕਾਬਲੇ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਬੁਲੰਦੀਆਂ ਉਤੇ ਹੈ। ਜੇਕਰ ਆਈਸੀਸੀ ਦੇ ਇਕ ਰੋਜ਼ਾ ਤੇ ਟੀ20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿ ਵਿਰੁੱਧ ਸਾਰੇ 12 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ ਦੀ ਟੀਮ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ। ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਵੀ ਇਸ ਮੌਕੇ ਮਹੱਤਵਪੂਰਨ ਹੋਵੇਗੀ ਜੋ ਕਿ ਮਾਰਗਦਰਸ਼ਕ ਦੇ ਤੌਰ ਉਤੇ ਹਾਜ਼ਰ ਹੋਣਗੇ। ਟੀ20 ਵਿਸ਼ਵ ਕੱਪ ਵਿਚ ਭਾਰਤ ਨੇ ਸਾਰੇ ਮੈਚ ਧੋਨੀ ਦੀ ਅਗਵਾਈ ਵਿਚ ਹੀ ਜਿੱਤੇ ਹਨ। ਹਾਲਾਂਕਿ ਟੀ20 ਕ੍ਰਿਕਟ ਦਾ ਅਜਿਹਾ ਸਰੂਪ ਹੈ ਜਿਸ ਵਿਚ ਕਿਸੇ ਵੀ ਟੀਮ ਦੀ ਜਿੱਤ ਯਕੀਨੀ ਨਹੀਂ ਮੰਨੀ ਜਾ ਸਕਦੀ। ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਵੀ ਛਾਪ ਛੱਡਣ ਦੀ ਪੂਰੀ ਕੋਸ਼ਿਸ਼ ਕਰਨਗੇ। -ਪੀਟੀਆਈ

ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

ਦੱਖਣੀ ਅਫ਼ਰੀਕਾ ਦੇ ਕੁਇੰਟਨ ਡੀ ਕੌਕ ਦੀ ਵਿਕਟ ਲੈਣ ’ਤੇ ਸਾਥੀਆਂ ਨਾਲ ਖੁਸ਼ੀ ਮਨਾਉਂਦਾ ਹੋਇਆ ਆਸਟਰੇਲੀਆ ਦਾ ਗੇਂਦਬਾਜ਼ ਜੋਸ਼ ਹੇਜ਼ਲਵੁੱਡ। -ਫੋਟੋ: ਏਪੀ

ਆਬੂਧਾਬੀ: ਆਸਟਰੇਲੀਆ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਅੱਜ ਇੱਥੇ ਆਈਸੀਸੀ ਟੀ20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ ਇਕ ਦੇ ਸ਼ੁਰੂਆਤੀ ਮੈਚ ਵਿਚ ਦੱਖਣੀ ਅਫ਼ਰੀਕਾ ਨੂੰ ਦੋ ਗੇਂਦਾਂ ਰਹਿੰਦਿਆਂ ਪੰਜ ਵਿਕਟ ਨਾਲ ਹਰਾ ਕੇ ਦੋ ਅੰਕ ਆਪਣੇ ਖਾਤੇ ਵਿਚ ਜੋੜ ਲਏ। ਦੱਖਣੀ ਅਫ਼ਰੀਕਾ ਦੀ ਟੀਮ ਸਿਖ਼ਰਲੇ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਨੌਂ ਵਿਕਟਾਂ ’ਤੇ 118 ਦੌੜਾਂ ਹੀ ਬਣਾ ਸਕੀ। ਇਸ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਪਰ ਮਾਰਕਸ ਸਟੋਇਨਿਸ (ਨਾਬਾਦ 24) ਤੇ ਮੈਥਿਊ ਵੇਡ (ਨਾਬਾਦ 15) ਨੇ ਛੇਵੇਂ ਵਿਕਟ ਲਈ ਨਾਬਾਦ 40 ਦੌੜਾਂ ਜੋੜ ਕੇ 19.4 ਓਵਰਾਂ ਵਿਚ ਪੰਜ ਵਿਕਟਾਂ ’ਤੇ 121 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਆਸਟਰੇਲੀਆ ਲਈ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਸਟੀਵ ਸਮਿੱਥ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਮਿੱਥ (35) ਤੇ ਗਲੈਨ ਮੈਕਸਵੈੱਲ (18) ਸਹਿਜਤਾ ਨਾਲ ਖੇਡ ਰਹੇ ਸਨ ਪਰ 80 ਦੌੜਾਂ ’ਤੇ ਸਮਿੱਥ ਤੇ 81 ਉਤੇ ਮੈਕਸਵੈੱਲ ਆਊਟ ਹੋ ਗਏ। ਵੇਡ ਤੇ ਸਟੋਇਨਿਸ ਨੇ 19ਵੇਂ ਓਵਰ ਵਿਚ 10 ਦੌੜਾਂ ਜੋੜੀਆਂ। ਸਟੋਇਨਿਸ ਨੇ ਆਖ਼ਰੀ ਓਵਰ ਵਿਚ ਦੋ ਚੌਕੇ ਲਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ। -ਪੀਟੀਆਈ

Leave a Reply