ਕੈਪਟਨ ਸਾਬ੍ਹ ਗਲਤਬਿਆਨੀ ਦਾ ਕਰਾਰਾ ਜਵਾਬ ਮਿਲੇਗਾ: ਰਾਜਾ ਵੜਿੰਗ

0

ਰਵਿੰਦਰ ਰਵੀ/ਪਰਸ਼ੋਤਮ ਬੱਲੀ

ਬਰਨਾਲਾ, 23 ਅਕਤੂਬਰ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਬਰਨਾਲਾ ਬੱਸ ਸਟੈਂਡ ਅਤੇ ਪੀਆਰਟੀਸੀ ਵਰਕਸ਼ਾਪ ਦਾ ਅਚਨਚੇਤ ਨਿਰੀਖਣ ਕੀਤਾ। ਬੱਸ ਸਟੈਂਡ ਵਿੱਚ ਫੈਲੀ ਗੰਦਗੀ ਦੇਖ ਕੇ ਮੰਤਰੀ ਨੇ ਪੀਆਰਟੀਸੀ ਦੇ ਜੀਐੱਮ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਚੇਅਰਮੈਨ ਮੱਖਣ ਸ਼ਰਮਾ ਦੀ ਫੋਨ ’ਤੇ ਕਲਾਸ ਲਾਈ। ਉਨ੍ਹਾਂ ਬੱਸ ਅੱਡੇ ’ਤੇ ਬੈਠੀਆਂ ਬਿਰਧ ਔਰਤਾਂ ਤੋਂ ਪ੍ਰੇਸ਼ਾਨੀਆਂ ਵੀ ਸੁਣੀਆਂ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ, ‘‘ਕੈਪਟਨ ਸਾਬ੍ਹ ਜੇ ਉਂਗਲੀ ਕਰੋਗੇ ਤਾਂ ਕਰਾਰਾ ਜਵਾਬ ਵੀ ਮਿਲੇਗਾ।’’ ਉਨ੍ਹਾਂ ਕਿਹਾ ਕਿ ਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਪਾਕਿਸਤਾਨ ਜਾਣਾ ਕੌਮੀ ਸੁਰੱਖਿਆ ਲਈ ਖ਼ਤਰਾ ਹੈ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਦਾ ਇੱਧਰ ਰਹਿਣਾ ਕੌਮੀ ਸੁਰੱਖਿਆ ਲਈ ਖ਼ਤਰਾ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਹੁਤੀ ਟਰਾਂਸਪੋਰਟ ’ਤੇ ਪਿਛਲੇ 15 ਸਾਲਾਂ ਤੋਂ ‘ਜੀਜੇ-ਸਾਲੇ’ ਨੇ ਕਬਜ਼ਾ ਕੀਤਾ ਹੋਇਆ ਹੈ। ਹੁਣ ਉਨ੍ਹਾਂ ਵੱਲੋਂ ਮਹਿਕਮਾ ਸੰਭਾਲਣ ਤੋਂ ਬਾਅਦ ਪੀਆਰਟੀਸੀ ਨੂੰ ਰੋਜ਼ਾਨਾ 54 ਲੱਖ ਰੁਪਏ ਦਾ ਮੁਨਾਫਾ ਹੋਣ ਲੱਗਾ ਹੈ। ਇਸ ਦੌਰਾਨ ਉਨ੍ਹਾਂ ਬਰਨਾਲਾ ਬੱਸ ਅੱਡੇ ਲਈ 1.5 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਬੱਸ ਅੱਡੇ ਦੇ ਸੁਧਾਰ ਲਈ 1 ਕਰੋੜ ਦੇ ਟੈਂਡਰ ਲਾਏ ਗਏ ਹਨ, ਜਿਸ ਤਹਿਤ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।

‘ਟੈਕਸ ਦਿੱਤੇ ਬਿਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਬੱਸਾਂ’

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਹਲਕੇ ਦਾ ਦੌਰਾ ਕਰਦਿਆਂ ਕਿਹਾ ਕਿ ਜਦੋਂ ਤੱਕ ਟਰਾਂਸਪੋਰਟ ਕੰਪਨੀਆਂ ਟੈਕਸ ਅਦਾ ਨਹੀਂ ਕਰਦੀਆਂ, ਉਦੋਂ ਤੱਕ ਉਨ੍ਹਾਂ ਦੀਆਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੀਆਂ ਟਰਾਂਸਪੋਰਟ ਕੰਪਨੀਆਂ ਦਾ 95 ਕਰੋੜ ਰੁਪਏ ਦਾ ਟੈਕਸ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਵੱਡੇ ਟਰਾਂਸਪੋਰਟਰਾਂ ਨੂੰ ਰਿਆਇਤਾਂ ਦੇਣ ਦੇ ਹੱਕ ਵਿੱਚ ਨਹੀਂ ਰਹੇ ਪਰ ਹੁਣ ਬਿਨਾਂ ਟੈਕਸ ਅਦਾ ਕੀਤੇ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਕੰਪਨੀਆਂ ਵੱਲੋਂ ਸਵਾਰੀ ਕੋਲੋਂ ਬੱਸ ਵਿੱਚ ਬੈਠਣ ਸਮੇਂ ਟੈਕਸ ਲੈ ਲਿਆ ਜਾਂਦਾ ਹੈ ਫਿਰ ਕੰਪਨੀਆਂ ਸਰਕਾਰ ਨੂੰ ਟੈਕਸ ਕਿਉਂ ਨਹੀਂ ਅਦਾ ਕਰਦੀਆਂ। ਰਾਜਾ ਵੜਿੰਗ ਨੇ ਦੱਸਿਆ ਕਿ ਗਿੱਦੜਬਾਹਾ ਵਿੱਚ ਬਣਨ ਵਾਲੇ ਪੀਆਰਟੀਸੀ ਦੇ ਸਬ-ਡਿੱਪੂ ਲਈ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਿੱਦੜਬਾਹਾ ਦੇ ਬੱਸ ਅੱਡੇ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਵੀ 75 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

Leave a Reply