ਏਲਨਾਬਾਦ ਜ਼ਿਮਨੀ ਚੋਣ: ਮੁੱਦਿਆਂ ਦੀ ਬਜਾਏ ਸ਼ਰੀਕੇਬਾਜ਼ੀ ਭਾਰੂ

0

ਪ੍ਰਭੂ ਦਿਆਲ

ਸਿਰਸਾ, 21 ਅਕਤੂਬਰ

ਏਲਨਾਬਾਦ ਦੀ ਜ਼ਿਮਨੀ ਚੋਣ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਨੇਤਾਵਾਂ ਵੱਲੋਂ ਇਕ-ਦੂਜੇ ’ਤੇ ਤੋਹਮਤਾਂ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੁੱਦਿਆਂ ਦੀ ਬਜਾਏ ਸ਼ਰੀਕੇਬਾਜ਼ੀ ਭਾਰੂ ਹੈ। ਇਲਾਕੇ ’ਚ ਸੇਮ ਦੀ ਸਮੱਸਿਆ ਨੂੰ ਹਰ ਚੋਣ ਵੇਲੇ ਦੂਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਦਹਾਕਿਆਂ ਤੋਂ ਪਰਨਾਲਾ ਉਥੇ ਦਾ ਉਥੇ ਹੈ। ਸੇਮ ਦੀ ਸਮੱਸਿਆ ਤੋਂ ਦਰਜਨਾਂ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹਨ।

ਏਲਨਾਬਾਦ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਮੁੱਦਿਆਂ ਦੀ ਬਜਾਏ ਸ਼ਰੀਕੇਬਾਜੀ ਹਾਵੀ ਹੈ। ਇੰਡੀਅਨ ਨੈਸ਼ਨਲ ਲੋਕਦਲ ਵੱਲੋਂ ਅਭੈ ਸਿੰਘ ਚੌਟਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦਿੱਤੀ ਸੀ ਪਰ ਹਾਲੇ ਖੇਤੀ ਕਾਨੂੰਨ ਰੱਦ ਨਹੀਂ ਹੋਏ ਤੇ ਉਹ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਅਭੈ ਸਿੰਘ ਚੌਟਾਲਾ ਨੂੰ ਹਰਾਉਣ ਲਈ ਉਨ੍ਹਾਂ ਦੇ ਭਰਾ ਅਜੈ ਸਿੰਘ ਜਿਥੇ ਮੈਦਾਨ ਵਿੱਚ ਡੱਟੇ ਹੋਏ ਹਨ ਉਥੇ ਹੀ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ, ਜੋ ਇਸ ਵੇਲੇ ਸਰਕਾਰ ਵਿੱਚ ਬਿਜਲੀ ਮੰਤਰੀ ਹਨ, ਆਪਣੇ ਭਤੀਜੇ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ ਅਜੈ ਚੌਟਾਲਾ ਦੇ ਪੁੱਤਰ ਦਿੱਗਵਿਜੈ ਸਿੰਘ ਵੀ ਆਪਣੇ ਚਾਚਾ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ਮੁੱਦਿਆਂ ਦੀ ਬਜਾਏ ਸ਼ਰੀਕੇਬਾਜੀ ਹਾਵੀ ਵੇਖਣ ਨੂੰ ਮਿਲ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜੈ ਸਿੰਘ ਚੌਟਾਲਾ ਜਜਪਾ ਦੇ ਸਰਪਰਤ ਹਨ ਤੇ ਉਨ੍ਹਾਂ ਦੇ ਪੁੱਤਰ ਦੁਸ਼ਿਅੰਤ ਹਰਿਆਣਾ ਦੇ ਉਪ ਮੁੱਖ ਮੰਤਰੀ ਹਨ ਜਦੋਂਕਿ ਕਾਂਗਰਸ ਨੂੰ ਛੱਡ ਕੇ ਰਾਣੀਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਚੌਧਰੀ ਰਣਜੀਤ ਸਿੰਘ ਸਰਕਾਰ ’ਚ ਬਿਜਲੀ ਮੰਤਰੀ ਹਨ।

ਏਲਨਾਬਾਦ ਹਲਕੇ ਤੋਂ ਅਭੈ ਸਿੰਘ ਚੌਟਾਲਾ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਹਨ ਤੇ ਹੁਣ ਚੌਥੀ ਵਾਰ ਉਹ ਮੈਦਾਨ ਵਿੱਚ ਹਨ। ਇਲਾਕੇ ਵਿੱਚ ਸੇਮ ਦੀ ਸਮੱਸਿਆ ਦਹਾਕਿਆਂ ਤੋਂ ਹੈ। ਹਰ ਚੋਣ ਸਮੇਂ ਇਸ ਸਮੱਸਿਆ ਨੂੰ ਉਭਾਰਿਆ ਜਾਂਦਾ ਰਿਹਾ ਹੈ ਤੇ ਪਾਰਟੀ ਆਗੂਆਂ ਵੱਲੋਂ ਜਿੱਤਣ ਮਗਰੋਂ ਇਸ ਸਮੱਸਿਆ ਨੂੰ ਦੂਰ ਕਰਨ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਸਮੱਸਿਆ ਉਥੇ ਦੀ ਓਥੇ ਹੈ। ਹੁਣ ਭਾਜਪਾ ਨੇ ਹਲੋਪਾ ਦੇ ਮੀਤ ਪ੍ਰਧਾਨ ਰਹੇ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

Leave a Reply